ਚੰਡੀਗੜ੍ਹ , 29  ਮਈ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਵਿੱਚ ਸ਼ੁੱਕਰਵਾਰ ਸਵੇਰੇ ਕੋਰੋਨਾ ਦੇ ਚਾਰ ਹੋਰ ਨਵੇਂ ਕੇਸ ਸਾਹਮਣੇ ਆਏ, ਜੋ ਕਿ ਸ਼ਹਿਰ ਦੀ ਹੌਟਸਪੌਟ ਬਾਪੂਧਾਮ ਕਾਲੋਨੀ 'ਚੋਂ ਹੀ ਮਿਲੇ ਹਨ ਨਵੇਂ ਮਰੀਜ਼ਾਂ 'ਚ 30 ਤੋਂ 38 ਸਾਲ ਦੇ ਵਿਚਕਾਰ ਉਮਰ ਦੀਆਂ ਤਿੰਨ ਔਰਤਾਂ ਅਤੇ ਇੱਕ 18 ਸਾਲ ਦਾ ਨੌਜਵਾਨ ਸ਼ਾਮਲ ਹੈ। ਬਾਪੂਧਾਮ ਕਾਲੋਨੀ 'ਚ ਹੁਣ ਤੱਕ 220 ਪੌਜ਼ੀਟਿਵ ਮਾਮਲੇ ਹੋ ਚੁੱਕੇ ਹਨ। ਸ਼ਹਿਰ 'ਚ ਇਸ ਵੇਲੇ ਕੋਰਨਾ ਦੇ ਐਕਟਿਵ ਕੇਸ 100 ਹੋ ਗਏ ਹਨ, ਜਦਕਿ ਕੁੱਲ ਕੇਸਾਂ ਦੀ ਗਿਣਤੀ 293 ਹੋ ਚੁੱਕੀ ਹੈ। ਉੱਤਰੀ ਭਾਰਤ 'ਚ ਕੋਰੋਨਾ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਹੁਣ ਤੱਕ ਪੂਰੇ ਦੇਸ਼ ਵਿਚ ਮਹਾਰਾਸ਼ਟਰ ਤੇ ਦਿੱਲੀ 'ਚ ਕੋਰੋਨਾ ਦਾ ਇਨਫੈਕਸ਼ਨ ਰੇਟ ਸਭ ਤੋਂ ਜ਼ਿਆਦਾ ਸੀ। ਹੁਣ ਉੱਤਰੀ ਭਾਰਤ ਦੇ ਜੰਮੂ ਅਤੇ ਕਸ਼ਮੀਰ, ਹਰਿਆਣਾ ਤੇ ਚੰਡੀਗੜ੍ਹ 'ਚ ਕੋਰੋਨਾ ਦਾ ਇਨਫੈਕਸ਼ਨ ਰੇਟ ਸਭ ਤੋਂ ਜ਼ਿਆਦਾ ਹੈ। ਇਹ ਖ਼ੁਲਾਸਾ ਸਿਹਤ ਮੰਤਰਾਲੇ ਵੱਲੋਂ ਜਾਰੀ ਕੋਵਿਡ-2019 ਟ੍ਰੈਕਰ ਦੀ ਰਿਪੋਰਟ 'ਚ ਹੋਇਆ ਹੈ। ਸਰਵੇ 'ਚ ਉਨ੍ਹਾਂ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਜਿੱਥੇ 150 ਤੋਂ ਜ਼ਿਆਦਾ ਕੋਰੋਨਾ ਪੌਜ਼ੀਟਿਵ ਮਰੀਜ਼ ਹਨ। ਹਰੇਕ ਸੂਬੇ 'ਚ ਇਕ ਲੱਖ ਦੀ ਆਬਾਦੀ 'ਤੇ ਕਿੰਨੇ ਕੋਰੋਨਾ ਪਾਜ਼ੇਟਿਵ ਮਰੀਜ਼ ਆ ਰਹੇ ਹਨ, ਇਸ 'ਤੇ ਇਨਫੈਕਸ਼ਨ ਰੇਟ ਦਾ ਮੁਲਾਂਕਣ ਕੀਤਾ ਗਿਆ ਹੈ। ਹੁਣ ਦੇਸ਼ ਵਿਚ ਸਭ ਤੋਂ ਵੱਧ ਜੰਮੂ ਅਤੇ ਕਸ਼ਮੀਰ 'ਚ ਕੋਰੋਨਾ ਵਾਇਰਸ ਫੈਲਣ ਦੀ ਇਨਫੈਕਸ਼ਨ ਦਰ 1.46 ਦੱਸੀ ਗਈ ਹੈ, ਜਦਕਿ ਹਰਿਆਣਾ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਦੀ ਦਰ 1.45 ਤੇ ਚੰਡੀਗੜ੍ਹ 'ਚ 1.28 ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.