ਪੁਲਿਸ ਸਟੇਸ਼ਨ ਜਾ ਕੇ ਕੀਤਾ ਆਤਮਸਮਰਪਣ

ਭੁਵਨੇਸ਼ਵਰ, 29 ਮਈ (ਹਮਦਰਦ ਨਿਊਜ਼ ਸਰਵਿਸ) : ਉਡੀਸ਼ਾ ਦੇ ਕਟਕ ਜ਼ਿਲ•ੇ ਵਿੱਚ 70 ਸਾਲਾ ਇੱਕ ਪੁਜਾਰੀ ਨੇ ਮੰਦਿਰ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਪੁਜਾਰੀ ਨੇ ਇਸ ਕਤਲ ਨੂੰ ਕੋਰੋਨਾ ਖ਼ਤਮ ਕਰਨ ਲਈ ਦਿੱਤੀ ਗਈ ਬਲੀ ਦੱਸਿਆ। ਉਸ ਨੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰਦਿਆਂ ਇਹ ਜੁਰਮ ਕਬੂਲ ਵੀ ਕਰ ਲਿਆ। ਪੁਲਿਸ ਦੇ ਸੀਨੀਅਰ ਅਧਿਕਾਰੀ ਅਥਾਗੜ• ਪੁਲਿਸ ਦੇ ਸਬ ਡਵੀਜ਼ਨਲ ਆਲੋਕ ਰੰਜਨ ਰਾਏ ਨੇ ਕਿਹਾ ਕਿ ਮੁਲਜ਼ਮ ਸੰਸਾਰ ਓਝਾ ਨੇ ਦਾਅਵਾ ਕੀਤਾ ਕਿ ਦੇਵੀ ਨੇ ਉਸ ਦੇ ਸੁਪਨੇ ਵਿੱਚ ਆ ਕੇ ਉਸ ਨੂੰ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਦੇ ਅੰਤ ਲਈ ਇੱਕ ਮਨੁੱਖ ਦੀ ਬਲੀ ਦੇਣੀ ਹੋਵੇਗੀ। ਘਟਨਾ ਨਰਸਿੰਘਪੁਰਾ ਥਾਣਾ ਖੇਤਰ ਦੇ ਬਾਹੁੜਾ ਪਿੰਡ ਦੇ ਬ੍ਰਾਹਮਣੀ ਦੇਵੀ ਮੰਦਿਰ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ 52 ਸਾਲਾ ਸਰੋਜ ਕੁਮਾਰ ਪ੍ਰਧਾਨ ਦੇ ਤੌਰ 'ਤੇ ਹੋਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਤਲ ਲਈ ਵਰਤੀ ਗਈ ਕੁਹਾੜੀ ਨੂੰ ਵੀ ਜ਼ਬਤ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੂਜੇ ਪਾਸ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਜਾਰੀ ਸੰਸਾਰ ਓਝਾ ਦਾ ਲੰਬੇ ਸਮੇਂ ਤੋਂ ਪਿੰਡ ਵਿੱਚ ਅੰਬਾਂ ਦੇ ਇੱਕ ਬਾਗ ਨੂੰ ਲੈ ਕੇ ਪ੍ਰਧਾਨ ਨਾਲ ਝਗੜਾ ਚੱਲ ਰਿਹਾ ਸੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.