ਵਾਸ਼ਿੰਗਟਨ, 29 ਜੂਨ, ਹ.ਬ. : ਹਰੇਕ ਪੰਜ ਵਿੱਚੋਂ ਭਾਰਤੀ ਮੁਲ ਦੇ ਦੋ ਅਮਰੀਕੀ ਆਪਣੀ ਲੰਬੀ ਸਮੇਂ ਦੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ ਹਨ। ਇਹੀ ਕਾਰਨ ਹੈ ਕਿ ਲਗਪਗ ਸਾਰੇ ਲੋਕ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰ ਰਹੇ ਹਨ। ਕੋਰੋਨਾ ਮਹਾਮਾਰੀ ਦੇ ਅਸਰ ਦੇ ਬਾਰੇ ਵਿਚ ਕੀਤੇ ਗਏ ਆਪਣੀ ਤਰ੍ਹਾਂ ਦੇ ਪਹਿਲੇ ਸਰਵੇਖਣ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੇ ਸ਼ਨਿਚਰਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ 30 ਫ਼ੀਸਦੀ ਭਾਰਤਵੰਸ਼ੀਆਂ ਦੀ ਨੌਕਰੀ ਅਤੇ ਇੰਟਰਨਸ਼ਿਪ ਤੇ ਆਰਥਿਕ ਅਸਰ ਪਿਆ ਹੈ। ਹਾਲ ਹੀ ਵਿਚ ਕੀਤੇ ਕੋਵਿਡ-19 ਸਰਵੇਖਣ ਤੇ ਆਧਾਰਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਛੇ ਵਿੱਚੋਂ ਇਕ ਵਿਅਕਤੀ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਜਾਂ ਭਾਰਤੀ ਭਾਈਚਾਰੇ ਦੇ ਕਿਸੇ ਪਰਿਵਾਰ ਦੇ ਇਕ ਅਜਿਹੇ ਮੈਂਬਰ ਨੂੰ ਜਾਣਦਾ ਹੈ ਜੋ ਕੋਰੋਨਾ ਪ੍ਰਭਾਵਿਤ ਹੈ। ਹਾਲਾਂਕਿ ਇਸ ਮਹਾਮਾਰੀ ਕਾਰਨ ਕੇਵਲ ਕੁਝ ਹੀ ਭਾਰਤੀ ਮੂਲ ਦੇ ਅਮਰੀਕੀਆਾਂ 'ਤੇ ਇਮੀਗ੍ਰੇਸ਼ਨ ਸਬੰਧੀ ਅਸਰ ਪਿਆ ਹੈ। ਐੱਫਆਈਆਈਡੀਐੱਸ ਦੇ ਨਿਰਦੇਸ਼ਕ ਖਾਂਡੇਰਾਓ ਕੰਦ ਨੇ ਕਿਹਾ ਕਿ ਐੱਫਆਈਆਈਡੀਐੱਸ ਨੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਤੇ ਕੋਰੋਨਾ ਦੇ ਅਸਰ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ। ਅਮਰੀਕਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ 'ਤੇ ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਦੇ ਅਸਰ ਦੇ ਬਾਰੇ ਵਿਚ ਪਤਾ ਲਗਾਉਣ ਲਈ ਇਹ ਆਪਣੀ ਤਰ੍ਹਾਂ ਦਾ ਪਹਿਲਾ ਸਰਵੇਖਣ ਹੈ। ਸਰਵੇਖਣ ਅਨੁਸਾਰ ਭਾਰਤੀ ਮੂਲ ਦੇ ਛੇ ਅਮਰੀਕੀਆਂ ਵਿੱਚੋਂ ਪੰਜ ਦੇ ਪਰਿਵਾਰਕ ਸਬੰਧਾਂ ਵਿਚ ਇਸ ਨਾਲ ਕੋਈ ਬਦਲਾਅ ਜਾਂ ਸਕਾਰਾਤਮਕ ਬਦਲਾਅ ਨਹੀਂ ਆਇਆ ਜਦਕਿ ਚਾਰ ਵਿੱਚੋਂ ਇਕ ਭਾਰਤੀ ਨੂੰ ਤਣਾਅ ਮਹਿਸੂਸ ਹੋਇਆ ਹੈ। ਲਗਪਗ ਹਰ ਭਾਰਤੀ ਮੂਲ ਦਾ ਅਮਰੀਕੀ ਆਪਣੀ ਜੀਵਨਸ਼ੈਲੀ ਬਦਲ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਵਿਚ ਜਿੱਥੇ ਇਕ ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ ਉੱਥੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਪੰਜ ਲੱਖ ਦੇ ਕਰੀਬ ਪੁੱਜਣ ਵਾਲਾ ਹੈ। ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਵਿਚ 25 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ ਅਤੇ 1,25,000 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗੁਆਉਣੀ ਪਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.