ਸਮੁੰਦਰ ਵਿੱਚ ਵਧਾਏਗਾ ਫ਼ੌਜ ਦੀ ਤੈਨਾਤੀ

ਕੇਨਬਰਾ, 1 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਚੀਨ ਅਤੇ ਆਸਟ੍ਰੇਲੀਆ ਵਿਚਕਾਰ ਜਾਰੀ ਵਿਵਾਦ ਹੁਣ ਹੋਰ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ। ਚੀਨੀ ਸਰਕਾਰ ਵੱਲੋਂ ਲਗਾਤਾਰ ਕੀਤੀ ਜਾ ਰਹੀਲ ਆਰਥਿਕ ਘੇਰਾਬੰਦੀ ਅਤੇ ਸਾਈਬਰ ਹਮਲਿਆਂ ਤੋਂ ਪ੍ਰੇਸ਼ਾਨ ਹੋ ਕੇ ਆਸਟ੍ਰੇਲੀਆ ਨੇ ਇੰਡੋ-ਪੈਸੇਫਿਕ ਖੇਤਰ ਵਿੱਚ ਆਪਣੀ ਫ਼ੌਜ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਫ਼ੌਜ ਲਈ ਨਵੇਂ ਹਥਿਆਰਾਂ ਦੀ ਖਰੀਦ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਵੀ ਆਸਟ੍ਰੇਲੀਆ ਆਪਣੀ ਫ਼ੌਜ ਦੀ ਤੈਨਾਤੀ ਵਧਾਏਗਾ।
ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਆਪਣੇ ਸੁਪਰ ਹਾਰਨੈਟ ਫਾਈਟਰ ਜੈਟਸ ਦੇ ਬੇੜੇ ਨੂੰ ਮਜ਼ਬੂਤ ਕਰਨ ਲਈ ਲੰਬੀ ਦੂਰੀ ਦੇ ਐਂਟੀ ਸ਼ਿਪ ਮਿਜ਼ਾਇਲਾਂ ਦੀ ਖਰੀਦ ਸਣੇ ਦੇਸ਼ ਦੀ ਰੱਖਿਆ ਰਣਨੀਤੀ ਵਿੱਚ ਬਦਲਾਅ ਕਰੇਗਾ। ਆਸਟ੍ਰੇਲੀਆ ਨੇ ਅਜਿਹੇ ਕਦਮ ਮਿੱਤਰ ਦੇਸ਼ਾਂ, ਸਹਿਯੋਗੀਆਂ ਅਤੇ ਮੁੱਖ ਭੂਮੀ ਦੀ ਰੱਖਿਆ ਲਈ ਚੁੱਕੇ ਹਨ।
ਨਵੇਂ ਐਲਾਨ ਮੁਤਾਬਕ ਆਸਟ੍ਰੇਲੀਆ ਇਸ ਜ਼ਮੀਨ ਤੋਂ ਲਾਂਚ ਕੀਤੀ ਜਾ ਸਕਣ ਵਾਲੀ ਲੌਂਗ ਰੇਂਜ ਸਰਫੇਸ ਟੂ ਸਰਫੇਸ ਮਿਜ਼ਾਇਲ ਅਤੇ ਸਰਫੇਸ ਟੂ ਏਅਰ ਮਿਜ਼ਾਇਲ ਦੀ ਖਰੀਦ ਦੇ ਸਬੰਧ ਵਿੱਚ ਵੀ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਹਾਈਪਰਸੋਨਿਕ ਮਿਜ਼ਾਇਲਾਂ ਦੀ ਖਰੀਦ ਨੂੰ ਲੈ ਕੇ ਵੀ ਅਮਰੀਕਾ ਨਾਲ ਗੱਲ ਕਰਨ ਦੀ ਤਿਆਰੀ ਹੈ। ਦੱਸ ਦੇਈਏ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮਦਦਗਾਰ ਅਮਰੀਕਾ ਹੈ। ਆਸਟ੍ਰੇਲੀਆ ਦੀ ਮੀਡੀਆ ਰਿਪੋਰਟ ਮੁਤਾਬਕ ਹਾਲ ਦੇ ਦਿਨਾਂ ਵਿੱਚ ਚੀਨ ਅਤੇ ਉੱਤਰ ਕੋਰੀਆ ਨੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਕਈ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ। ਜਿਨ•ਾਂ ਵਿੱਚੋਂ ਕਈ ਤਾਂ 5500 ਕਿਲੋਮੀਟਰ ਤੱਕ ਮਾਰ ਕਰਨ ਵਿੱਚ ਸਮਰੱਥ ਹਨ। ਇਸ ਤੋਂ ਬਾਅਦ ਰਣਨੀਤੀ ਦੇ ਤਹਿਤ ਆਸਟ੍ਰੇਲੀਆ ਨੂੰ ਇਹ ਖਰੀਦ ਕਰਨ ਦੀ ਲੋੜ ਪਈ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਵਾਲਾਂ ਤੋਂ ਨਾਰਾਜ਼ ਚੀਨ ਨੇ ਆਰਥਿਕ ਤੌਰ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ ਚੀਨੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਨਾ ਜਾਣ ਦੀ ਸਲਾਹ ਜਾਰੀ ਕੀਤੀ ਸੀ। ਇੰਨਾ ਹੀ ਨਹੀਂ ਚੀਨ ਨੇ ਆਸਟ੍ਰੇਲੀਆ ਤੋਂ ਆਯਾਤ ਹੋਣ ਵਾਲੇ ਸਾਮਾਨ 'ਤੇ ਪਾਬੰਦੀ ਵੀ ਲਾਈ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.