ਚੰਡੀਗੜ੍ਹ, 1 ਜੁਲਾਈ, ਹ.ਬ. : ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਬੱਸਾਂ ਦਾ ਵਧਿਆ ਹੋਇਆ ਕਿਰਾਇਆ ਪਹਿਲੀ ਜੁਲਾਈ ਤੋਂ ਲਾਗੂ ਹੋ ਗਿਆ। ਹਾਲਾਂਕਿ ਸਧਾਰਨ ਬੱਸ ਦੇ ਕਿਰਾਏ ਵਿਚ ਪ੍ਰਤੀ ਕਿਲੋਮੀਟਰ 6 ਪੈਸੇ ਦਾ ਵਾਧਾ ਕੀਤਾ ਗਿਆ ਹੈ ਪਰ ਸੁਪਰ ਲਗਜ਼ਰੀ ਏਸੀ ਬੱਸ ਦੇ ਕਿਰਾਏ ਵਿਚ 100 ਫ਼ੀਸਦੀ ਵਾਧਾ ਕੀਤਾ ਹੈ। ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਕੇ.ਸ਼ਿਵਾ ਪ੍ਰਸਾਦ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕੋਰੋਨਾ ਸੰਕਟ ਦੌਰਾਨ ਬੱਸਾਂ ਦੀ ਆਵਾਜਾਈ ਸ਼ੁਰੂ ਕਰਨ ਮੌਕੇ ਵਿਭਾਗ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਨਾ ਚਾਹੁੰਦਾ ਸੀ ਪਰ ਉਦੋਂ ਸਰਕਾਰ ਨੇ ਕਿਰਾਏ ਵਿਚ ਵਾਧਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਹੁਣ ਜਦੋਂ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤਾਂ ਵਿਭਾਗ ਨੇ ਕਿਰਾਏ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਸਧਾਰਨ ਬੱਸ ਦਾ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਸਧਾਰਨ ਏਸੀ ਬੱਸ (ਐੱਚਵੀਏਸੀ) ਦੇ ਕਿਰਾਏ ਵਿਚ ਵਾਧਾ ਕਰਦੇ ਹੋਏ 146.20 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਲਗਜ਼ਰੀ ਏਸੀ ਬੱਸ ਦਾ ਕਿਰਾਇਆ 219.60 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਹੈ ਜਦਕਿ ਸੁਪਰ ਲਗਜ਼ਰੀ ਕੋਚ ਦਾ ਕਿਰਾਇਆ 244 ਪੈਸੇ ਪ੍ਰਤੀ ਕਿਲੋਮੀਟਰ ਵਧਾ ਦਿੱਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.