ਫ਼ਰੀਦਕੋਟ, 4 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਪੁਲੀਸ ਨੇ ਅੱਜ ਸਵੇਰੇ ਵੱਡੀ ਕਾਰਵਾਈ ਕਰਦਿਆਂ ਬੇਅਦਬੀ ਕਾਂਡ ਵਿੱਚ ਸੱਤ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ। ਸੂਚਨਾ ਅਨੁਸਾਰ ਇੱਕ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਵਿੱਚ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ ਸਨ ਅਤੇ ਉਸ ਤੋਂ ਬਾਅਦ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਵਾਪਰਿਆ। ਸੂਚਨਾ ਅਨੁਸਾਰ ਆਈਜੀ ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲੀਸ ਵੱਲੋਂ ਹਿਰਾਸਤ 'ਚ ਲਏ ਮੁਲਜ਼ਮਾਂ ਵਿਚ ਕੋਟਕਪੂਰਾ ਵਾਸੀ ਸੁਖਜਿੰਦਰ ਸਿੰਘ ਉਰਫ਼ ਸਨੀ, ਪਿੰਡ ਡੱਗੋ ਰੋਮਾਣਾ ਦਾ ਸ਼ਕਤੀ ਸਿੰਘ, ਫ਼ਰੀਦਕੋਟ ਦਾ ਰਣਦੀਪ ਸਿੰਘ ਉਰਫ਼ ਨੀਲਾ, ਕੋਟਕਪੂਰਾ ਦਾ ਰਣਜੀਤ ਸਿੰਘ ਉਰਫ਼ ਭੋਲਾ, ਪਿੰਡ ਸਿੱਖਾਂਵਾਲਾ ਦਾ ਬਲਜੀਤ ਸਿੰਘ, ਕੋਟਕਪੂਰਾ ਦਾ ਨਿਸ਼ਾਨ ਸਿੰਘ ਅਤੇ ਫ਼ਰੀਦਕੋਟ ਦਾ ਨਰਿੰਦਰ ਸ਼ਰਮਾ ਹਨ। ਇਨ੍ਹਾਂ ਦੀ ਧਾਰਾ 295ਏ/380/201/120 ਬੀ ਤਹਿਤ ਬਾਜਾਖਾਨਾ ਥਾਣੇ ਵਿਚ 2 ਜੂਨ 2015 ਨੂੰ ਦਰਜ ਮੁਕੱਦਮਾ ਨੰਬਰ 63 ਤਹਿਤ ਗ੍ਰਿਫ਼ਤਾਰੀ ਹੋਈ ਹੈ। ਸੂਤਰਾਂ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਈ 2007 ਵਿਚ ਸਲਾਬਤਪੁਰਾ ਡੇਰੇ ਵਿਚ ਡੇਰਾ ਮੁਖੀ ਵੱਲੋਂ ਜਾਮ-ਇ-ਇੰਸਾਂ ਪਿਲਾਉਣ ਦਾ ਪ੍ਰੋਗਰਾਮ ਵੀ ਡੇਰੇ ਦੀ ਕਮੇਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ। ਸਿੱਖ ਪ੍ਰਚਾਰਕਾਂ ਵੱਲੋਂ ਡੇਰਾਵਾਦ ਖ਼ਿਲਾਫ਼ ਕੀਤੇ ਜਾਂਦੇ ਪ੍ਰਚਾਰ ਨੂੰ ਨਾ-ਪਸੰਦ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਖਤਮ ਕਰਨ ਦੀ ਰਚੀ 'ਸਾਜ਼ਿਸ਼' ਵੀ ਸਿਰੇ ਨਾ ਚੜ੍ਹ ਸਕੀ। ਡੇਰੇ ਅਤੇ ਸਿੱਖ ਮਤ ਦੇ ਵਿਚਾਰਧਾਰਕਾਂ ਵਿੱਚ ਵਿਰੋਧ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਗਈ ਅਤੇ ਉਸ ਦੇ ਅੰਗ ਵੱਖ-ਵੱਖ ਖੇਤਰਾਂ 'ਚ ਖਿਲਾਰ ਕੇ ਧਾਰਮਿਕ ਭਾਵਨਵਾਂ ਨੂੰ ਉਕਸਾਇਆ ਗਿਆ। ਡੇਰਾ ਮੁਖੀ ਦੀ ਫ਼ਿਲਮ ਐੱਮਐੱਸਜੀ-2 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਸਿਨੇਮਾ ਘਰਾਂ ਵੱਲੋਂ ਵਿਖਾਏ ਜਾਣ ਤੋਂ ਇਨਕਾਰ ਕੀਤੇ ਜਾਣ ਨੂੰ ਵੀ ਇਸ ਮਾਮਲੇ ਨਾਲ ਜੋੜਿਆ ਗਿਆ ਹੈ। 'ਸਿੱਟ' ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਕੰਮਲ ਜਾਂਚ ਰਿਪੋਰਟ ਡੀਜੀਪੀ ਪੰਜਾਬ ਰਾਹੀਂ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਅਤੇ ਸੀਬੀਆਈ ਨੂੰ ਸੌਂਪੀ ਜਾ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.