ਚਿੰਤਾ ਕਰਨੀ ਕਿਸੇ ਹੱਦ ਤਕ ਠੀਕ ਹੈ। ਜਦੋਂ ਇਹ ਜ਼ਰੂਰਤ ਤੋਂ ਵੱਧ ਕਰਨ ਦੀ ਆਦਤ ਬਣ ਜਾਏ ਤਾਂ ਇਹ ਸਰੀਰ ਅਤੇ ਦਿਮਾਗ਼ 'ਤੇ ਅਸਰ ਕਰਦੀ ਹੈ। ਜੇਕਰ ਚਿੰਤਾ ਕਰਨ ਨਾਲ ਮਸਲੇ ਹੱਲ ਹੋ ਜਾਂਦੇ ਤਾਂ ਠੀਕ ਸੀ, ਪਰ ਇਹ ਹੋਰ ਮੁਸੀਬਤਾਂ ਲੈ ਕੇ ਆਉਂਦੀ ਹੈ। ਹਰ ਗੱਲ 'ਤੇ ਕਿੰਤੂ ਪ੍ਰੰਤੂ ਕਰਨਾ। ਹਰ ਕੰਮ ਕਰਨ ਦੇ ਨਾਲ ਹੀ ਉਸਦੇ ਖ਼ਰਾਬ ਹੋਣ ਦੀ ਸੋਚ ਫਾਲਤੂ ਦੀ ਚਿੰਤਾ ਹੈ। ਘਰ ਦੀ ਸਫ਼ਾਈ ਰੱਖਣੀ ਠੀਕ ਹੈ, ਪਰ ਹਰ ਵੇਲੇ ਘਰ ਦੇ ਸਾਮਾਨ ਦੇ ਇੱਧਰ ਉੱਧਰ ਹੋ ਜਾਣ 'ਤੇ ਚਿੰਤਾ ਕਰੀ ਜਾਣਾ ਬਿਮਾਰੀ ਦਾ ਘਰ ਹੈ। ਘਰ ਨੂੰ ਘਰ ਹੀ ਰਹਿਣ ਦੇਣਾ ਚਾਹੀਦਾ ਹੈ। ਜਦੋਂ ਹਰ ਵੇਲੇ ਟਿੰਡ ਵਿਚ ਕਾਨਾਂ ਪਾਈ ਰੱਖਦੇ ਹੋ ਤਾਂ ਇਹ ਸਿਰ ਦਰਦੀ ਬਣ ਜਾਂਦੀ ਹੈ।
ਲੋਕ ਚਿੰਤਾ ਇਸ ਤਰ੍ਹਾਂ ਵੀ ਕਰਦੇ ਹਨ ਕਿ ਮੈਂ ਤਾਂ ਆਪਣੇ ਆਪ ਵਿਚ ਬਹੁਤ ਆਧੁਨਿਕ ਹਾਂ, ਪਰ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਉੱਠਣ-ਬੈਠਣ, ਖਾਣ-ਪੀਣ, ਰਹਿਣ-ਸਹਿਣ ਅਤੇ ਕੱਪੜੇ ਪਾਉਣ ਦਾ ਸਲੀਕਾ ਨਹੀਂ। ਹਰ ਵੇਲੇ ਉਨ੍ਹਾਂ ਨੂੰ ਬਦਲਣ ਦੀਆਂ ਯੋਜਨਾਵਾਂ ਅਤੇ ਲੋਕਾਂ ਵਿਚ ਵਿਖਾਵੇ ਦੀ ਚਿੰਤਾ। ਅਜਿਹੇ ਲੋਕ ਨਾ ਖ਼ੁਦ ਚੈਨ ਨਾਲ ਜਿਉਂਦੇ ਹਨ ਨਾ ਹੀ ਦੂਜਿਆਂ ਨੂੰ ਜਿਊਣ ਦਿੰਦੇ ਹਨ। ਅਜਿਹੇ ਲੋਕ ਸਾਰਾ ਮਾਹੌਲ ਗ਼ਮਗੀਨ ਬਣਾ ਕੇ ਰੱਖਦੇ ਹਨ। ਚਿੰਤਾ ਵਿਚ ਬਣਾਇਆ ਖਾਣਾ ਵੀ ਸਿਹਤ ਲਈ ਨੁਕਸਾਨ ਕਰਨ ਵਾਲਾ ਹੁੰਦਾ ਹੈ। ਕਦੇ ਸੋਚ ਕੇ ਵੇਖਣਾ ਗੁਰਦੁਆਰਿਆਂ ਵਿਚ ਬਣੇ ਲੰਗਰ ਨਾਲ ਤ੍ਰਿਪਤੀ ਕਿਉਂ ਹੁੰਦੀ ਹੈ? ਮੇਰੇ ਵਿਚਾਰ ਨਾਲ ਉੱਥੋਂ ਦੇ ਮਾਹੌਲ, ਬਣਾਉਣ ਵਾਲਿਆਂ ਦੀ ਸ਼ਰਧਾ ਭਾਵਨਾ ਅਤੇ ਉਸ ਵਿਚ ਪਿਆਰ ਹੁੰਦਾ ਹੈ। ਉਹੀ ਆਟਾ ਅਤੇ ਦਾਲਾਂ ਹੁੰਦੀਆਂ ਹਨ।
ਵਧੇਰੇ ਚਿੰਤਾ ਕਰਨਾ ਬਿਮਾਰੀ ਹੈ ਅਤੇ ਹੋਰ ਬਿਮਾਰੀਆਂ ਨੂੰ ਸੱਦਾ ਦੇਣ ਦਾ ਸੱਦਾ ਪੱਤਰ ਹੈ। ਖ਼ੁਸ਼ ਰਹਿਣਾ ਸਿਹਤ ਲਈ ਵਧੀਆ ਅਤੇ ਮੁਫ਼ਤ ਦੀ ਦਵਾਈ ਹੈ। ਖੁੱਲ੍ਹ ਕੇ ਹੱਸਣਾ, ਖਿੜ ਖਿੜ ਕਰਕੇ ਹੱਸਣਾ ਤੰਦਰੁਸਤੀ ਦੀ ਨਿਸ਼ਾਨੀ ਹੈ ਅਤੇ ਤੰਦਰੁਸਤ ਰਹਿਣ ਦਾ ਵਧੀਆ ਤਰੀਕਾ ਹੈ। ਜਿਹੜੇ ਖੁੱਲ੍ਹ ਕੇ ਹੱਸਣ ਨੂੰ ਗਵਾਰਪੁਣਾ ਕਹਿੰਦੇ ਹਨ, ਅਜਿਹੇ ਲੋਕ ਨਾਂਹ ਪੱਖੀ ਸੋਚ, ਵਿਖਾਵੇ ਅਤੇ ਝੂਠੀ ਜ਼ਿੰਦਗੀ ਜਿਉ ਰਹੇ ਹੁੰਦੇ ਹਨ।
ਬਹੁਤ ਵਾਰ ਇਹ ਚਿੰਤਾ ਦਵਾਈ ਖਾਣ ਲਈ ਮਜਬੂਰ ਕਰ ਦਿੰਦੀ ਹੈ। ਇਨ੍ਹਾਂ ਦਵਾਈਆਂ ਵਿਚ ਵੀ ਥੋੜ੍ਹਾ ਬਹੁਤ ਨਸ਼ਾ ਤਾਂ ਹੁੰਦਾ ਹੈ। ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਅਤੇ ਚਿੰਤਾ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ। ਦੁਨੀਆ ਵਿਚ ਕੁਝ ਵੀ ਅਸੰਭਵ ਨਹੀਂ ਹੈ, ਫਿਰ ਚਿੰਤਾ ਕਿਸ ਚੀਜ਼ ਦੀ। ਆਪਣੇ ਆਪ ਨੂੰ ਉਸਾਰੂ ਸੋਚ ਵਾਲਾ ਬਣਾਓ। ਦੂਸਰਿਆਂ ਨੂੰ ਬਦਲਣ ਦੀ ਥਾਂ ਆਪਣੇ ਆਪ ਨੂੰ ਬਦਲੋ। ਜੋ ਤੁਸੀਂ ਕਰ ਰਹੇ ਹੋ, ਉਹ ਵੀ ਤਾਂ ਦੂਸਰਿਆਂ ਲਈ ਕਰਨਾ ਔਖਾ ਹੈ। ਲੋਕ ਕੀ ਕਹਿਣਗੇ? ਦੀ ਚਿੰਤਾ ਬਿਲਕੁਲ ਨਾ ਕਰੋ ਕਿਉਂਕਿ ਜੋ ਅਜਿਹਾ ਬੋਲਦੇ ਹਨ ਉਹ ਵਿਹਲੜ ਅਤੇ ਘਟੀਆ ਸੋਚ ਦੇ ਮਾਲਕ ਹੁੰਦੇ ਹਨ। ਜਿਨ੍ਹਾਂ ਨਾਲ ਤੁਹਾਡੇ ਵਿਚਾਰ ਅਤੇ ਸੋਚ ਮਿਲਦੀ ਹੋਵੇ ਉਨ੍ਹਾਂ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ। ਉਸਾਰੂ ਸੋਚ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਦੀ ਹੈ। ਜਿਹੜੇ ਤੁਹਾਡੇ ਵਿਚ ਹਰ ਵਕਤ ਨੁਕਸ ਕੱਢਦੇ ਹਨ, ਉਨ੍ਹਾਂ ਨੂੰ ਕਦੇ ਵੀ ਸਫ਼ਾਈ ਦੇਣ ਦੀ ਗ਼ਲਤੀ ਨਾ ਕਰੋ। ਉਨ੍ਹਾਂ ਨਾਲ ਬਹਿਸ ਜਾਂ ਆਪਣੇ ਆਪ ਨੂੰ ਠੀਕ ਸਾਬਤ ਵੀ ਨਾ ਕਰੋ ਕਿਉਂਕਿ ਇਹ ਲੋਕ ਤੁਹਾਡੀ ਗੱਲ ਅਤੇ ਤੁਹਾਡੀ ਸੋਚ ਨੂੰ ਕਦੇ ਸਹੀ ਨਹੀਂ ਕਹਿਣਗੇ ਅਤੇ ਨਾ ਹੀ ਮੰਨਣਗੇ। ਉਹ ਚਿੰਤਾ ਦੇਣਗੇ ਅਤੇ ਮਾਹੌਲ ਖ਼ਰਾਬ ਕਰਨਗੇ। ਬਿਹਤਰ ਹੈ ਕਿ ਅਜਿਹੇ ਲੋਕਾਂ ਨੂੰ ਜਵਾਬ ਨਾ ਹੀ ਦਿਓ ਅਤੇ ਉਥੋਂ ਉੱਠ ਜਾਣਾ ਹੀ ਬਿਹਤਰ ਸਮਝੋ।
ਆਪਣੇ ਆਪ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਵੱਲ ਲਗਾਓ। ਚੰਗੇ ਰੇਡਿਓ ਪ੍ਰੋਗਰਾਮ ਸੁਣੋ ਅਤੇ ਚੰਗੇ ਟੀਵੀ ਪ੍ਰੋਗਰਾਮ ਵੇਖੋ। ਚਿੰਤਾ ਦੇਣ ਵਾਲੇ ਲੋਕਾਂ ਅਤੇ ਮਾਹੌਲ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਹੀ ਨਾ ਕਰੋ ਸਗੋਂ ਰੱਖੋ। ਸਮੱਸਿਆ ਦਾ ਹੱਲ ਲੱਭੋ ਨਾ ਕਿ ਚਿੰਤਾ ਹੀ ਕਰੀ ਜਾਓ। ਆਪਣੇ ਉਸ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਨਾਲ ਆਪਣੀ ਸਮੱਸਿਆ ਸਾਂਝੀ ਕਰੋ ਜੋ ਤੁਹਾਨੂੰ ਅਤੇ ਤੁਹਾਡੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ।
ਅੱਜਕੱਲ੍ਹ ਫੋਨ ਅਤੇ ਇੰਟਰਨੈੱਟ ਦਾ ਜ਼ਮਾਨਾ ਹੈ। ਜਿੱਥੇ ਇਸਦੇ ਫਾਇਦੇ ਹਨ ਉੱਥੇ ਨੁਕਸਾਨ ਵੀ ਹਨ। ਇਸ 'ਤੇ ਬਹੁਤ ਜਾਣਕਾਰੀ ਭਰਪੂਰ ਸਮੱਗਰੀ ਹੁੰਦੀ ਹੈ, ਉਸਨੂੰ ਪੜ੍ਹੋ। ਮਨੁੱਖਾ ਜੀਵਨ ਬਹੁਤ ਕੀਮਤੀ ਹੈ। ਇਸਨੂੰ ਖ਼ੁਸ਼ ਰਹਿ ਕੇ ਮਾਣੋ। ਖ਼ੁਸ਼ੀ ਅਮੀਰੀ ਵਿਚ ਨਹੀਂ ਸੰਤੁਸ਼ਟੀ ਵਿਚ ਹੈ। ਜਿੰਨਾ ਵਿਖਾਵੇ ਅਤੇ ਝੂਠੇ ਸ਼ਾਨੋ ਸ਼ੌਕਤ ਪਿੱਛੇ ਭੱਜੋਗੇ ਓਨੀ ਚਿੰਤਾ ਵਧੇਗੀ। ਪੈਸੇ ਦੀ ਚਿੰਤਾ, ਮਹਿੰਗੇ ਕੱਪੜੇ ਅਤੇ ਵੱਡੀ ਗੱਡੀ ਦੀ ਚਿੰਤਾ। ਇਸਨੂੰ ਤਿਆਗ ਦੇਵੋ। ਵੱਡੇ ਘਰ ਅਤੇ ਫਿਰ ਉਸ ਵਿਚ ਮਹਿੰਗੇ ਸਾਜ਼ੋ ਸਾਮਾਨ ਦੀ ਚਿੰਤਾ, ਜਿਸ ਘਰ ਵਿਚ ਹਰ ਵੇਲੇ ਸਜਾਵਟ ਦੀ ਚਿੰਤਾ ਹੋਵੇਗੀ, ਉਹ ਘਰ ਹੀ ਚਿੰਤਾਵਾਂ ਦਾ ਗੜ੍ਹ ਹੋਵੇਗਾ। ਜਿੰਨਾ ਬੰਦਾ ਵਧੇਰੇ ਵਿਖਾਵਾ ਕਰੇਗਾ ਓਨਾ ਹਲਕਾ ਹੋਵੇਗਾ। ਜ਼ਿੰਦਗੀ ਜਿਓ, ਖ਼ੁਸ਼ ਰਹਿ ਕੇ ਜਿਓ। ਖ਼ੁਸ਼ੀ ਵਰਗੀ ਅਤੇ ਹਾਸੇ ਵਰਗੀ ਕੋਈ ਦਵਾਈ ਨਹੀਂ। ਇਸ ਕਰਕੇ ਇਸ ਨੂੰ ਲਵੋ। ਚਿੰਤਾ ਕਿਸੇ ਸਮੱਸਿਆ ਦਾ ਹੱਲ ਨਹੀਂ। ਇਸੇ ਕਰਕੇ ਸਿਆਣੇ ਕਹਿ ਗਏ ਹਨ 'ਚਿੰਤਾ ਚਿਖਾ ਬਰਾਬਰ ਹੈ।' ਹਰ ਵੇਲੇ ਚਿੰਤਾ ਵਿਚ ਰਹਿਣਾ ਆਪਣੇ ਆਪ ਨੂੰ ਤਣਾਅ ਵਿਚ ਰੱਖਣਾ ਸਿਹਤ ਖ਼ਰਾਬ ਕਰ ਦਿੰਦਾ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਿੰਤਾ ਚਿਖਾ ਬਰਾਬਰ ਹੈ। ਇਸ ਲਈ ਲੋੜ ਤੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਹਸੀ-ਖੁਸ਼ੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.