ਮੁੰਬਈ, 7 ਜੁਲਾਈ, ਹ.ਬ. : ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਸੋਮਵਾਰ ਨੂੰ ਪੁਲਿਸ ਨੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਤੋਂ ਤਿੰਨ ਘੰਟੇ ਤਕ ਪੁੱਛਗਿੱਛ ਕੀਤੀ। ਭੰਸਾਲੀ ਨੇ ਸੁਸ਼ਾਂਤ ਨੂੰ ਫਿਲਮ 'ਗੋਲੀਆਂ ਕੀ ਰਾਸਲੀਲਾ : ਰਾਮ-ਲੀਲਾ' ਦੀ ਤਜਵੀਜ਼ ਦਿੱਤੀ ਸੀ ਪਰ ਦੂਜੇ ਪ੍ਰੋਡਕਸ਼ਨ ਹਾਊਸ ਨਾਲ ਸਮਝੌਤੇ ਦੇ ਕਾਰਨ ਉਹ ਕੰਮ ਨਹੀਂ ਕਰ ਸਕਿਆ ਸੀ। ਪੁਲਿਸ ਅਧਿਕਾਰੀ ਦੇ ਅਨੁਸਾਰ ਸੰਜੇ ਲੀਲਾ ਭੰਸਾਲੀ ਦੁਪਹਿਰ 12.30 ਵਜੇ ਬਾਂਦਰਾ ਥਾਣੇ ਪੁੱਜੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਲੀਗਲ ਟੀਮ ਵੀ ਮੌਜੂਦ ਰਹੀ। ਪੁਲਿਸ ਨੇ ਉਨ੍ਹਾਂ ਤੋਂ ਦੁਪਹਿਰ ਬਾਅਦ 3.30 ਵਜੇ ਤਕ ਪੁੱਛਗਿੱਛ ਕੀਤੀ। ਦੱਸਿਆ ਗਿਆ ਕਿ ਸੁਸ਼ਾਂਤ ਅਤੇ ਭੰਸਾਲੀ ਇਕ ਦੂਜੇ ਦੇ ਕੰਮ ਨੂੰ ਪਸੰਦ ਕਰਦੇ ਸਨ। ਭੰਸਾਲੀ ਨੇ ਸੁਸ਼ਾਂਤ ਨੂੰ ਚਾਰ ਵਾਰ ਫਿਲਮ ਦੀ ਤਜਵੀਜ਼ ਦਿੱਤੀ ਸੀ ਪਰ ਗੱਲ ਨਹੀਂ ਬਣੀ ਸੀ। ਸੁਸ਼ਾਂਤ ਦੀ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਹੁਣ ਤਕ ਉਨ੍ਹਾਂ ਦੇ ਘਰ ਵਾਲਿਆਂ, ਗਰਲ ਫਰੈਂਡ ਰੀਆ ਚੱਕਰਵਰਤੀ, ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ, ਯਸ਼ਰਾਜ ਫਿਲਮਜ਼ ਦੇ ਡਾਇਰੈਕਟਰ ਸ਼ਾਨੂ ਸ਼ਰਮਾ, ਫਿਲਮ 'ਦਿਲ ਬੇਚਾਰਾ' ਵਿਚ ਉਨ੍ਹਾਂ ਦੇ ਸਾਥੀ ਕਲਾਕਾਰ ਸੰਜਨਾ ਸੰਘੀ ਸਮੇਤ 29 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੁਲਿਸ ਇਸ ਮਾਮਲੇ ਵਿਚ ਪੇਸ਼ੇਵਰ ਦੁਸ਼ਮਣੀ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.