ਫਿਰੋਜ਼ਪੁਰ, 9 ਜੁਲਾਈ, ਹ.ਬ. : ਥਾਣਾ ਗੁਰੂਹਰਸਾਏ ਦੇ ਤਹਿਤ ਪਿੰਡ ਬਾਜੇਕੇ ਵਿਚ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੀ ਗੱਡੀ ਦਾ ਘਿਰਾਓ ਕਰਕੇ ਪਿੰਡ ਵਾਸੀਆਂ ਨੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਸੋਢੀ ਅਪਣੀ ਗੱਡੀ ਰਾਹੀਂ ਪਿੰਡ ਵਿਚ ਲੋਕਾਂ ਨੂੰ ਮਿਲਣ ਗਏ ਸੀ।
ਥਾਣਾ ਗੁਰੂਹਰਸਾਏ ਪੁਲਿਸ ਨੇ ਬੁਧਵਾਰ ਨੂੰ ਇੰਸਪੈਕਟਰ ਜਸਵਿੰਦਰ ਸਿੰਘ ਦੇ ਬਿਆਨ 'ਤੇ ਅੱਠ ਜਣਿਆਂ 'ਤੇ ਮਾਮਲਾ ਦਰਜ ਕਰ ਲਿਆ। ਕੁਝ ਦਿਨ ਪਹਿਲਾਂ ਸੋਢੀ ਦੇ ਬੇਟੇ ਹੀਰਾ 'ਤੇ ਵੀ ਹਮਲਾ ਕੀਤਾ ਗਿਆ ਸੀ।
ਇੰਸਪੈਕਟਰ ਜਸਵਿੰਦਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦੀ ਡਿਊਟੀ ਖੇਡ ਮੰਤਰੀ ਦੀ ਸੁਰੱਖਿਆ ਵਿਚ ਲੱਗੀ ਸੀ। ਸੋਢੀ ਪਿੰਡਾਂ ਵਿਚ ਲੋਕਾਂ ਨੂੰ ਮਿਲਣ ਗਏ ਸੀ, ਜਦ ਉਹ ਪਰਤ ਰਹੇ ਸੀ ਤਾਂ ਪਿੰਡ ਬਾਜੇਕੇ ਵਿਚ 20 ਲੋਕ ਲਾਠੀਆਂ ਲੈ ਕੇ ਖੜ੍ਹੇ ਸੀ। ਉਨ੍ਹਾਂ ਨੇ ਖੇਡ ਮੰਤਰੀ ਦੀ ਗੱਡੀ ਰੁਕਵਾ ਕੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਖੇਡ ਮੰਤਰੀ ਨੂੰ ਮੁਸ਼ਕਲ ਨਾਲ ਉਥੋਂ ਕੱਢਿਆ ਗਿਆ।
ਪੁਲਿਸ ਨੇ ਗੁਰਮੁਖ ਸਿੰਘ, ਸੁਰਿੰਦਰ ਕੁਮਾਰ, ਕ੍ਰਿਸ਼ਨ ਲਾਲ ਅਤੇ ਦੇਸਰਾਜ ਨੂੰ ਕਾਬੂ ਕਰ ਲਿਆ। ਰਾਕੇਸ਼ ਕੁਮਾਰ, ਸੁਖਚੈਨ, ਜੈ ਲਾਲ, ਸੰਦੀਪ ਕੁਮਾਰ ਦੀ ਭਾਲ ਜਾਰੀ ਹੈ।
ਕਿਸਾਨ ਜੱਥੇਬੰਦੀਆਂ ਨੇ ਖੇਡ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਪਿੰਡ ਬਾਜੇਕੇ ਵਿਚ ਕਿਸੇ ਵਿਅਕਤੀ ਦਾ ਜ਼ਮੀਨ ਦਾ ਝਗੜਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਜਿਸ ਮੁਲਜ਼ਮ ਨੇ ਜ਼ਮੀਨ 'ਤੇ ਕਬਜ਼ਾ ਕੀਤਾ ਉਸ ਨੂੰ ਖੇਡ ਮੰਤਰੀ ਦਾ ਸਮਰਥਨ ਹੈ। ਇਸ ਲਈ ਕਿਸਾਨ ਜੱਥੇਬੰਦੀਆਂ ਖੇਡ ਮੰਤਰੀ ਦਾ ਘਿਰਾਓ ਕਰ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.