ਮੁੰਬਈ, 9 ਜੁਲਾਈ, ਹ.ਬ. : ਮਸ਼ਹੂਰ ਅਦਾਕਾਰ ਅਤੇ ਹਾਸਰਸ ਕਲਾਕਾਰ ਜਗਦੀਪ ਦਾ ਬੁੱਧਵਾਰ ਨੂੰ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਗਦੀਪ ਨੂੰ ਮਸ਼ਹੂਰ ਬਾਲੀਵੁੱਡ ਫ਼ਿਲਮ 'ਸ਼ੋਲੇ' ਵਿੱਚ ਸੂਰਮਾ ਭੋਪਾਲੀ ਦੇ ਅਦਾ ਕੀਤੇ ਅਭਿਨੈ ਨਾਲ ਵੀ ਜਾਣਿਆ ਜਾਂਦਾ ਹੈ। ਜਗਦੀਪ ਦਾ ਅਸਲ ਨਾਂ ਸਈਅਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ, ਜਿਨ੍ਹਾਂ ਦੀ ਸਿਹਤ ਕੁੱਝ ਠੀਕ ਨਹੀਂ ਸੀ। ਜਗਦੀਪ ਪੰਜਾਬ ਦੇ ਅੰਮ੍ਰਿਤਸਰ ਵਿੱਚ 29, ਮਾਰਚ 1939 ਨੂੰ ਜਨਮੇ ਸਨ। ਉਨ੍ਹਾਂ ਨੇ ਬਾਂਦਰਾ ਵਿਖੇ ਆਪਣੀ ਰਿਹਾਇਸ਼ ਉੱਤੇ ਰਾਤ ਦੇ 8:30 ਵਜੇ ਇਸ ਦੁਨੀਆ ਨੂੰ ਅਲਵਿਦਾ ਕਿਹਾ।
ਜਗਦੀਪ ਆਖਰੀ ਵਾਰ 2012 ਵਿਚ ਗਲੀ ਗਲੀ ਚੋਰ ਹੈ ਫ਼ਿਲਮ ਵਿਚ ਨਜ਼ਰ ਆਏ ਸੀ। ਜਗਦੀਪ ਨੇ ਬਾਲ ਕਲਾਕਾਰ ਦੇ ਤੌਰ 'ਤੇ 1951 ਵਿਚ ਬੀਆਰ ਚੋਪੜਾ ਦੀ ਫ਼ਿਲਮ ਅਫਸਾਨਾ ਰਾਹੀਂ ਫ਼ਿਲਮੀ ਦੁਨੀਆ ਵਿਚ ਕਦਮ ਰੱਖਿਆ ਅਤੇ ਕਾਮੇਡੀਅਨ ਦੇ ਤੌਰ 'ਤੇ ਦੋ ਬਿੱਘਾ ਜ਼ਮੀਨ ਰਾਹੀਂ ਡੈਬਿਊ ਕੀਤਾ ਸੀ। ਉਨ੍ਹਾਂ ਨੇ 61 ਸਾਲ ਤੱਕ 400 ਫ਼ਿਲਮਾਂ ਦੇ ਜ਼ਰੀਏ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।  ਉਨ੍ਹਾਂ ਨੂੰ 2019 ਵਿਚ ਆਈਫਾ ਐਵਾਰਡ ਵਿਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ। ਬਤੌਰ ਕਾਮੇਡੀਅਨ ਜਗਦੀਪ ਨੇ ਕੁਝ ਅਜਿਹੇ ਕਿਰਦਾਰ ਨਿਭਾਏ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹਨ।  ਪ੍ਰੋਡਿਊਸਰ ਮੁਹੰਮਦ ਅਲੀ ਜੋ ਕਿ ਜਗਦੀਪ ਦੇ ਕਾਫ਼ੀ ਨਜ਼ਦੀਕੀ ਦੋਸਤ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸਿਹਤ ਉਮਰ ਦੇ ਚੱਲਦਿਆਂ ਠੀਕ ਨਹੀਂ ਸੀ ਚੱਲ ਰਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.