2 ਲੱਖ ਏਕੜ ਵਿੱਚ 30 ਸਾਲ ਤੋਂ ਬੰਦ ਪਈ ਫੈਕਟਰੀ 'ਚ ਬਣਨਗੇ ਬੰਬ

ਵਾਸ਼ਿੰਗਟਨ, 10 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਰੂਸ ਅਤੇ ਚੀਨ ਨਾਲ ਵਧਦੇ ਖ਼ਤਰੇ ਨੂੰ ਭਾਂਪਦੇ ਹੋਏ ਅਮਰੀਕਾ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਪ੍ਰਮਾਣੂ ਬੰਬ ਬਣਾਉਣ ਵਿੱਚ ਜੁਟ ਗਿਆ ਹੈ। ਆਉਣ ਵਾਲੇ 10 ਸਾਲਾਂ ਵਿੱਚ ਇਸ ਦੇ ਉਦਯੋਗਿਕ ਉਤਪਾਦਨ 'ਤੇ ਲਗਭਗ 70 ਹਜ਼ਾਰ ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਹੈ। ਇਹ  ਬੰਬ ਦੱਖਣੀ ਕੈਰਿਲਨਾ ਵਿੱਚ ਸਵਾਨਾ ਨਦੀ ਦੇ ਤੱਟ 'ਤੇ ਸਥਿਤ ਇੱਕ ਫੈਕਟਰੀ ਅਤੇ ਨਿਊ ਮੈਕਸਿਕੋ ਦੇ ਲਾਸ ਅਲਮੋਸ ਵਿੱਚ ਬਣਾਏ ਜਾਣਗੇ।  ਅਮਰੀਕਾ ਅਤੇ ਰੂਸ ਵਿਚਕਾਰ ਸ਼ੀਤ ਯੁੱਧ ਦੌਰਾਨ ਸਵਾਨਾ ਨਦੀ ਦੀ ਫ਼ੈਕਰਟੀ ਅਮਰੀਕੀ ਪ੍ਰਮਾਣੂ ਹਥਿਆਰਾਂ ਲਈ ਕੰਮ ਕਰਦੇ ਸਨ। ਹੁਣ ਇੱਥੇ 3 ਕਰੋੜ 70 ਲੱਖ ਗੈਲਨ ਰੇਡਿਓਐਕਟਿਵ ਤਰਲ ਕਚਰਾ ਇਕੱਠਾ ਹੋ ਚੁੱਕਾ ਹੈ। 30 ਸਾਲ ਬਾਅਦ ਹੁਣ ਫਿਰ ਤੋਂ ਇੱਕੇ ਪ੍ਰਮਾਣੂ ਹਥਿਆਰ ਤਿਆਰ ਕੀਤੇ ਜਾਣਗੇ।
ਅਮਰੀਕੀ ਸੰਸਥਾ ਦਿ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟਰੇਸ਼ਨ (ਐਨਐਨਐਸਏ) ਇੱਥੇ ਪ੍ਰਮਾਣੂ ਹਥਿਆਰ ਬਣਾਉਂਦੀ ਹੈ, ਜੋ ਅਮਰੀਕਾ ਦੇ ਊਰਜਾ ਵਿਭਾਗ ਦਾ ਹੀ ਇੱਕ ਅੰਗ ਹੈ। ਸੰਸਥਾ ਦਾ ਮੰਨਣਾ ਹੈ ਕਿ ਮੌਜੂਦਾ ਪ੍ਰਮਾਣੂ ਹਥਿਆਰ ਕਾਫ਼ੀ ਪੁਰਾਣੇ ਹੋ ਚੁੱਕੇ ਹਨ ਅਤੇ ਉਨ•ਾਂ ਨੂੰ ਬਦਲਣ ਦੀ ਲੋੜ ਹੈ। ਇਸ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਕਿਉਂਕਿ ਨਵੀਂ ਟੈਕਨਾਲੋਜੀ ਕਿਤੇ ਜ਼ਿਆਦਾ ਸੁਰੱਖਿਅਤ ਹੈ।
ਦਰਅਸਲ, ਇੱਥੋਂ ਦੇ ਲੋਕਾਂ ਵਿੱਚ ਡਰ ਹੈ ਕਿ ਫੈਕਟਰੀ ਮੁੜ ਚਾਲੂ ਹੋਈ ਤਾਂ ਲੋਕ ਰੇਡਿਏਸ਼ਨ ਦੀ ਲਪੇਟ ਵਿੱਚ ਆ ਜਾਣਗੇ। ਹਾਲਾਂਕਿ ਓਬਾਮਾ ਸਰਕਾਰ ਦੇ ਕਾਰਜਕਾਲ ਵਿੱਚ ਅਮਰੀਕੀ ਕਾਂਗਰਸ ਅਤੇ ਖੁਦ ਰਾਸ਼ਟਰਪਤੀ ਓਬਾਮਾ ਨੇ ਇੱਥੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ 'ਤੇ ਸਹਿਮਤੀ ਜਤਾਈ ਸੀ।  2018 ਵਿੱਚ ਰਾਸ਼ਟਰਪਤੀ ਟਰੰਪ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਦੇ ਤਹਿਤ ਕੁੱਲ 80 ਟੋਏ ਹਰ ਸਾਲ ਤਿਆਰ ਕੀਤੇ ਜਾਣਗੇ। ਇਸ ਵਿੱਚ 50 ਦੱਖਣੀ ਕੈਰੋਲਿਨਾ ਵਿੱਚ ਅਤੇ 30 ਨਿਊ ਮੈਕਸਿਕੋ ਵਿੱਚ ਹੋਣਗੇ। ਇੱਥੇ ਪਲੂਟੋਨੀਅਮ ਦੇ ਫੁੱਟਬਾਲ ਜਿਹੇ ਗੋਲੇ ਬਣਾਏ ਜਾਣਗੇ, ਜੋ ਪ੍ਰਮਾਣੂ ਹਥਿਆਰਾਂ ਵਿੱਚ ਟ੍ਰਿਗਰ ਦਾ ਕੰਮ ਕਰਨਗੇ।
ਇੱਧਰ, ਵਿਸ਼ਵ ਸੁਰੱਖਿਆ ਮਾਮਲਿਆਂ ਦੇ ਮਾਹਰ ਸਟੀਫ਼ਨ ਯੰਗ ਦਾ ਕਹਿਣਾ ਹੈ ਕਿ ਇਹ ਯੋਜਨਾ ਨਾ ਸਿਰਫ਼ ਖਰਚੀਲੀ, ਸਗੋਂ ਖਤਰਨਾਕ ਵੀ ਹੈ। ਉੱਥੇ ਹੀ ਫੈਕਟਰੀ ਦੇ ਨੇੜੇ ਰਹਿਣ ਵਾਲੇ 70 ਸਾਲ ਦੇ ਪਿਟ ਲਾਬਰਜ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹਾ ਕੋਈ ਸਰਟੀਫਿਕੇਟ ਨਹੀਂ ਮਿਲਿਆ ਹੈ ਕਿ ਨਵੀਂ ਟੈਕਨਾਲੋਜੀ ਸੁਰੱਖਿਅਤ ਹੋਵੇਗੀ। ਐਨਐਨਐਸਏ ਦਾ ਮੰਨਣਾ ਹੈ ਕਿ ਅਮਰੀਕਾ ਇਸ ਕੰਮ ਨੂੰ ਨਹੀਂ ਰੋਕ ਸਕਦਾ, ਕਿਉਂਕਿ ਕੰਮ ਵਿੱਚ ਦੇਰੀ ਨਾਲ ਨਾ ਸਿਰਫ਼ ਕੌਮੀ ਸੁਰੱਖਿਆ ਖ਼ਤਰੇ ਵਿੱਚ ਆਏਗੀ, ਸਗੋਂ ਉਦਯੋਗਿਕ ਉਤਪਾਦਨ ਦਾ ਖਰਚਾ ਵੀ ਵਧ ਜਾਵੇਗਾ।
ਸਟੌਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਮੁਤਾਬਕ ਅਮਰੀਕਾ ਕੋਲ 7550 ਪ੍ਰਮਾਣੂ ਹਥਿਆਰ ਹਨ। ਉਸ ਨੇ 1750 ਪ੍ਰਮਾਣੂ ਬੰਬਾਂ ਨੂੰ ਮਿਜ਼ਾਇਲਾਂ ਅਤੇ ਬੰਬ ਵਰਸਾਊ ਜਹਾਜ਼ਾਂ ਵਿੱਚ ਤੈਨਾਤ ਰੱਖਿਆ ਹੈ। ਇਸ ਵਿੱਚੋਂ 150 ਪ੍ਰਮਾਣੂ ਬੰਬ ਯੂਰਪ ਵਿੱਚ ਤੈਨਾਤ ਹਨ, ਤਾਂ ਜੋ ਰੂਸ 'ਤੇ ਨਜ਼ਰ ਰੱਖੀ ਜਾ ਸਕੇ। ਰੂਸ ਕੋਲ 6375 ਅਤੇ ਚੀਨ ਕੋਲ 320 ਪ੍ਰਮਾਣੂ ਹਥਿਆਰ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.