ਕਾਨਪੁਰ, 11 ਜੁਲਾਈ, ਹ.ਬ. : ਉਤਰ ਪ੍ਰਦਸ਼ ਦੇ ਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਨ ਵਾਲੇ ਵਿਕਾਸ ਦੁਬੇ ਦੇ ਐਨਕਾਊਂਟਰ ਵਿਚ ਮਾਰੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਦੇ ਮਦਦਗਾਰਾਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਸ਼ਨਿੱਚਰਵਾਰ ਨੂੰ ਚੌਬੇਪੁਰ ਪੁਲਿਸ ਨੇ ਕਾਨਪੁਰ ਹੱਤਿਆ ਕਾਂਡ ਵਿਚ ਸ਼ਾਮਲ ਦੋ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਦੋ ਲੋਕਾਂ ਨੂੰ ਕਾਬੂ ਕਰ ਲਿਆ। ਦੋਵੇਂ ਲੋਕਾਂ ਨੂੰ ਉਨ੍ਹਾਂ ਦੀ ਘਰ ਤੋਂ ਕਾਬੂ ਕੀਤਾ ਗਿਆ।
ਜਾਣਕਾਰੀ ਮੁਤਾਕਬ ਕਾਨਪੁਰ ਦੀ ਚੌਬੇਪੁਰ ਪੁਲਿਸ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਅਪਰਾਧਕ ਪਿਛੋਕੜ ਵਾਲੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਦੋਵਾਂ ਦੀ ਪਛਾਣ ਓਮ ਪ੍ਰਕਾਸ਼ ਪਾਂਡੇ ਅਤੇ ਅਨਿਲ ਪਾਂਡੇ ਦੇ ਰੂਪ ਵਿਚ ਕੀਤੀ ਗਈ। ਦੋਸ਼ ਹੈ ਕਿ ਦੋਵਾਂ ਨੇ ਵਿਕਾਸ ਦੁਬੇ ਦੇ ਮਦਦਗਾਰ ਅਤੇ ਲੋੜੀਂਦੇ ਅਪਰਾਧੀ ਸ਼ਸ਼ੀਕਾਂਤ ਪਾਂਡੇ  ਅਤੇ ਸ਼ਿਵਮ ਦੁਬੇ ਨੂੰ ਇੱਥੇ ਪਨਾਹ ਦਿੱਤੀ ਸੀ। ਗ੍ਰਿਫਤਾਰੀ ਤੋਂ ਬਾਅਦ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿਕਾਨਪੁਰ ਦੇ ਬਿਕਰੂ ਵਿਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਐਨਕਾਊਂਟਰ ਵਿਚ ਮਾਰਿਆ ਗਿਆ। ਯੂਪੀ ਐਸਟੀਐਫ ਦੀ ਟੀਮ ਉਸ ਨੂੰ ਉਜੈਨ ਤੋਂ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਕਾਨਪੁਰ ਲਿਜਾ ਰਹੀ ਸੀ। ਲੇਕਿਨ ਸ਼ਹਿਰ ਤੋਂ 17 ਕਿਲੋਮੀਟਰ ਪਹਿਲਾਂ ਸਵੇਰੇ ਸਾਢੇ ਛੇ ਵਜੇ ਕਾਫ਼ਲੇ ਦੀ ਇੱਕ ਕਾਰ ਪਲਟ ਗਈ। ਵਿਕਾਸ ਉਸੇ ਗੱਡੀ ਵਿਚ ਬੈਠਾ ਸੀ। ਹਾਦਸੇ ਤੋਂ ਬਾਅਦ ਉਸ ਨੇ ਪੁਲਿਸ ਟੀਮ ਤੋਂ ਪਿਸਟਲ ਖੋਹ ਕੇ ਹਮਲਾ ਕਰਨ ਦੀ ਕੋਸ਼ਿਸ ਕੀਤੀ। ਜਵਾਬੀ ਕਾਰਵਾਈ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਛਾਤੀ ਅਤੇ ਲੱਕ ਵਿਚ ਦੋ ਗੋਲੀਆਂ ਲੱਗੀਆਂ। ਬਾਅਦ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਸਵੇਰੇ 7.55 ਵਜੇ ਮ੍ਰਿਤਕ  ਐਲਾਨ ਦਿੱਤਾ। ਉਸ ਦਾ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ ਜਿਸ ਵਿਚ ਉਸ ਦੀ ਪਤਨੀ ਤੇ ਬੇਟਾ ਸ਼ਾਮਲ ਹੋਏ।

ਹੋਰ ਖਬਰਾਂ »

ਹਮਦਰਦ ਟੀ.ਵੀ.