ਅੰਬਾਲਾ, 12 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਨੈਸ਼ਨਲ ਹਾਈਵੇ ਨੰਬਰ-44 'ਤੇ ਅੰਬਾਲਾ ਸ਼ਹਿਰ ਦੇ ਬਲਦੇਵ ਨਗਰ ਵਿੱਚ ਇਕ ਟਰੱਕ ਬੇਕਾਬੂ ਹੋ ਕੇ ਇਕ ਘਰ ਵਿਚ ਵੜ ਗਿਆ। ਇਸ ਹਾਦਸੇ 'ਚ ਡਰਾਈਵਰ ਅਤੇ ਕਲੀਨਰ ਟਰੱਕ ਦੇ ਅੰਦਰ ਫਸ ਗਏ ਜਿਨ੍ਹਾਂ ਨੂੰ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਦੋਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਘਰ ਦੇ ਮਾਲਕ ਹਰਪ੍ਰੀਤ ਨੇ ਦੱਸਿਆ ਕਿ ਤੜਕੇ ਚਾਰ ਵਜੇ ਉਸ ਨੇ ਅਚਾਨਕ ਧਮਾਕੇ ਦੀ ਆਵਾਜ਼ ਸੁਣੀ। ਬਾਹਰ ਆ ਕੇ ਦੇਖਿਆ ਤਾਂ ਘਰ ਵਿੱਚ ਇਕ ਟਰੱਕ ਵੜਿਆ ਹੋਇਆ ਸੀ। ਉਸ ਨੇ ਦੱਸਿਆ ਕਿ ਆਮ ਕਰਕੇ ਉਹ ਬਾਹਰ ਵਾਲੇ ਕਮਰੇ ਵਿੱਚ ਸੌਂਦਾ ਹੈ ਪਰ ਲੰਘੀ ਰਾਤ ਉਹ ਫਿਲਮ ਦੇਖਦਿਆਂ ਉਸੇ ਕਮਰੇ 'ਚ ਸੌਂ ਗਿਆ। ਧਮਾਕੇ ਤੋਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਇਕ ਟਰੱਕ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਘਰ ਅੰਦਰ ਵੜਿਆ ਹੋਇਆ ਸੀ ਜਿਸ ਦਾ ਡਰਾਈਵਰ ਅਤੇ ਕਲੀਨਰ ਅੰਦਰ ਫਸੇ ਹੋਏ ਸਨ। ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਐਂਬੂਲੈਂਸ, ਕਰੇਨ, ਪੁਲੀਸ ਅਤੇ ਰੈੱਡ ਕਰਾਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਬਾਹਰ ਕੱਢਿਆ ਗਿਆ। ਪੁਲੀਸ ਅਨੁਸਾਰ ਟਰੱਕ ਸੋਨੀਪਤ ਜਾ ਰਿਹਾ ਸੀ। ਡਰਾਈਵਰ ਨੂੰ ਨੀਂਦ ਆਉਣ ਕਰਕੇ ਹਾਦਸਾ ਵਾਪਰ ਗਿਆ। ਗਨੀਮਤ ਇਹ ਰਹੀ ਕਿ ਜਿਸ ਕਮਰੇ ਵਿਚ ਟਰੱਕ ਦਾਖਲ ਹੋਇਆ ਉਥੇ ਕੋਈ ਵਿਅਕਤੀ ਸੁੱਤਾ ਹੋਇਆ ਨਹੀਂ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.