ਪੁਲਿਸ ਨੇ ਡਰਾਈਵਰਾਂ ਕੋਲੋਂ ਮੰਗੀ ਡੈਸ਼ ਕੈਮਰਿਆਂ ਦੀ ਫੁਟੇਜ

ਐਬਟਸਫੋਰਡ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪੈਂਦੇ ਸ਼ਹਿਰ ਐਬਟਸਫੋਰਡ ਵਿੱਚ ਬੀਤੇ ਦਿਨੀਂ ਕਿਸੇ ਨੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਅੱਜ 43 ਸਾਲਾ ਕਰਮਜੀਤ ਸਰਾਂ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦੇ ਹੋਏ ਡਰਾਈਵਰਾਂ ਕੋਲੋਂ ਡੈਸ਼ ਕੈਮਰਿਆਂ ਦੀ ਫੁਟੇਜੀ ਮੰਗੀ ਹੈ।
ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਦੱਸਿਆ ਕਿ 10 ਜੁਲਾਈ ਨੂੰ ਸ਼ਾਮ 7 ਵਜ ਕੇ 49 ਮਿੰਟ 'ਤੇ ਐਬਟਸਫੋਰਡ ਪੁਲਿਸ ਨੂੰ ਇੱਕ ਫੋਨ ਆਇਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਲੁਸਰਨ ਕ੍ਰਿਸੈਂਟ ਦੇ 2700-ਬਲਾਕ ਵਿੱਚ ਪੈਂਦੇ ਇੱਕ ਮਕਾਨ 'ਚ ਗੋਲੀਬਾਰੀ ਹੋਈ ਹੈ। ਜਦੋਂ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਤਾਂ ਉੱਥੇ ਇੱਕ ਵਿਅਕਤੀ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਹੁਣ ਮ੍ਰਿਤਕ ਦੀ ਪਛਾਣ ਐਬਟਸਫੋਰਡ ਦੇ ਵਾਸੀ 43 ਸਾਲਾ ਕਰਮਜੀਤ ਸਰਾਂ ਵਜੋਂ ਕੀਤੀ ਹੈ। ਇਸ ਕਤਲ ਮਾਮਲੇ ਦੀ ਜਾਂਚ ਹੁਣ ਆਈਐਚਆਈਟੀ ਵੱਲੋਂ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.