ਪੰਚਕੂਲਾ, 13 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਕਾਗਜ਼, ਕਲਮ ਤੇ ਫਾਈਲਾਂ ਦੇ ਝੰਝਟ ਤੋਂ ਜਲਦ ਛੁਟਕਾਰਾ ਮਿਲਣ ਵਾਲਾ ਹੈ। ਪੁਲਿਸ ਆਧੁਨਿਕੀਕਰਨ ਦੇ ਤਹਿਤ ਸਾਰੇ ਜਾਂਚ ਅਧਿਕਾਰੀਆਂ ਨੂੰ ਟੈਬ ਦਿੱਤੇ ਜਾਣਗੇ। ਇਸ ਨਾਲ ਕਿਸੇ ਵੀ ਮਾਮਲੇ ਦੀ ਜਾਂਚ ਸ਼ੁਰੂ ਹੁੰਦੇ ਹੀ ਅਪਰਾਧ ਦਾ ਪੂਰਾ ਬਿਊਰਾ ਤੁਰੰਤ ਆਨਲਾਈਨ ਅਪਡੇਟ ਕਰਨਾ ਹੋਵੇਗਾ। ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਸਿੰਘ ਵਿਰਕ ਦੇ ਅਨੁਸਾਰ ਜਾਂਚ ਅਧਿਕਾਰੀਆਂ ਨੂੰ ਟੈਬ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਟੈਬ ਮਿਲਣ 'ਤੇ ਪੂਰਾ ਪੁਲਿਸ ਵਰਕ ਆਨਲਾਈਨ ਹੋ ਜਾਵੇਗਾ। ਤਫ਼ਤੀਸ਼ ਦੀ ਪੂਰੀ ਜਾਣਕਾਰੀ ਤੁਰੰਤ ਸਰਵਰ 'ਤੇ ਅਪਲੋਡ ਕਰਨੀ ਹੋਵੇਗੀ। ਇਸ ਨਾਲ ਜਿੱਥੇ ਕੰਮ ਵਿੱਚ ਤੇਜ਼ੀ ਆਵੇਗੀ, ਉੱਥੇ ਗ਼ਲਤੀਆਂ ਦੀ ਸੰਭਾਵਨਾ ਨਾ ਦੇ ਬਰਾਬਰ ਹੋਵੇਗੀ। ਪੁਲਿਸ ਤਫਤੀਸ਼ ਵਿੱਚ ਜੁਟਾਏ ਸਬੂਤਾਂ ਦੇ ਨਾਲ ਛੇੜਛਾੜ ਦੀ ਗੁੰਜਾਇਸ਼ ਨੂੰ ਘੱਟ ਕੀਤਾ ਜਾ ਸਕੇਗਾ। ਵਿਭਾਗ ਦਾ ਯਤਨ ਹੈ ਕਿ ਟੈਬ ਦੇਣ ਦੀ ਪ੍ਰਕਿਰਿਆ ਜਲਦੀ ਪੂਰੀ ਕਰ ਲਈ ਜਾਵੇਗੀ। ਪੁਲਿਸ ਵਿਭਾਗ ਵਿੱਚ ਦਰਜ ਹੋਣ ਵਾਲੇ ਮਾਮਲਿਆਂ ਦੀ ਜਾਂਚ ਦਾ ਰਿਕਾਰਡ ਅਜੇ ਅਧਿਕਾਰੀ ਮੈਨੁਅਲ ਢੰਗ ਨਾਲ ਰੱਖਦੇ ਹਨ। ਇਸ ਵਿੱਚ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਤੱਥਾਂ ਵਿੱਚ ਗੜਬੜੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਟੈਬ ਮਿਲਣ 'ਤੇ ਸਟੇਸ਼ਨਰੀ ਜੁਟਾਉਣ ਦੀ ਟੈਨਸ਼ਨ ਖ਼ਤਮ ਹੋ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.