ਕੋਈ ਦੇਸ਼ ਸੁਣਨ ਲਈ ਤਿਆਰ ਨਹੀਂ

ਇਸਲਾਮਾਬਾਦ, 14 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਲੂਚਿਸਤਾਨ ਅਤੇ ਗੁਲਾਮ ਕਸ਼ਮੀਰ ਵਿੱਚ ਲੋਕਾਂ 'ਤੇ ਜ਼ੁਲਮ ਢਾਹੁਣ ਵਾਲੇ ਪਾਕਿਸਤਾਨ ਨੇ ਜੰਮੂ-ਕਸ਼ੀਮਰ ਵਿੱਚ ਕਥਿਤ ਤੌਰ 'ਤੇ ਮਨੁੱਖੀ ਅਧਿਕਾਰ ਉਲੰਘਣ ਦਾ ਰਾਗ ਅਲਾਪਿਆ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਸ ਨੂੰ ਲੈ ਕੇ ਇੱਕ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਪਾਕਿਸਤਾਨ ਨੇ ਇਸ ਮਤੇ ਰਾਹੀਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣਾ ਬੰਦ ਨਹੀਂ ਕਰੇਗਾ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਮਰਥਨ ਦਿੰਦਾ ਰਹੇਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦੇ ਲੋਕਾਂ ਦੇ ਸਮਰਥਨ ਵਿੱਚ ਟਵੀਟ ਵੀ ਕੀਤਾ ਹੈ।
ਭਾਰਤ ਨੇ ਵਾਰ-ਵਾਰ ਪਾਕਿਸਤਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਉਸ ਦਾ ਅਨਿੱਖੜਵਾਂ ਅੰਗ ਹੈ ਅਤੇ ਉਹ ਇਸ ਦੇ ਮਾਮਲੇ ਵਿੱਚ ਦਖ਼ਲ ਦੇਣਾ ਬੰਦ ਕਰੇ, ਪਰ ਪਾਕਿਸਤਾਨ ਸੁਧਰਨ ਵਾਲਾ ਨਹੀਂ ਹੈ। ਉਸ ਨੇ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਕੋਲੋਂ ਕਸ਼ਮੀਰ ਮਸਲੇ ਦੇ ਹੱਲ ਲਈ ਗੁਹਾਰ ਲਾਈ ਹੈ।
ਭਾਰਤ ਨੇ ਜਦੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਖਤਮ ਕੀਤੀ ਸੀ, ਤਦ ਵੀ ਪਾਕਿਸਤਾਨ ਨੇ ਰੌਲ਼ਾ ਪਾਇਆ ਸੀ। ਉਸ ਨੇ ਕੌਮਾਂਤਰੀ ਭਾਈਚਾਰੇ ਦੇ ਅੱਗੇ ਖੂਬ ਰੋਣਾ ਰੋਇਆ ਸੀ, ਪਰ ਇੱਕ-ਦੋ ਨੂੰ ਛੱਡ ਕੇ ਕਿਸੇ ਵੀ ਦੇਸ਼ ਨੇ ਉਸ ਦਾ ਸਾਥ ਨਹੀਂ ਦਿੱਤਾ ਸੀ।
ਉੱਧਰ, ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਦੇ ਦਫ਼ਤਰ ਨੇ ਆਪਣੀ ਜਨਤਾ ਨਾਲ ਸਫ਼ੇਦ ਝੂਠ ਬੋਲਦੇ ਹੋਏ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਵਿਸ਼ਵ ਪੱਧਰ 'ਤੇ ਅਲੱਗ-ਥਲੱਗ ਕਰਨ ਦਾ ਯਤਨ ਕਰ ਰਿਹਾ ਸੀ, ਪਰ ਉਹ ਸਫ਼ਲ ਨਹੀਂ ਹੋ ਸਕਿਆ। ਖਾਨ ਨੇ ਕਿਹਾ ਕਿ ਉਸ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ਕਾਰਨ ਅਮਰੀਕਾ ਸਣੇ ਖਾੜੀ ਦੇਸ਼ਾਂ ਨਾਲ ਪਾਕਿਸਤਾਨ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ।
ਇੰਨਾ ਹੀ ਨਹੀਂ, ਇਮਰਾਨ ਖਾਨ ਦੇ ਦਫ਼ਤਰ ਨੇ ਝੂਠ ਬੋਲਣ ਦੀਆਂ ਹੱਦਾਂ ਪਾਰ ਕਰਦੇ ਹੋਏ ਕਿਹਾ ਕਿ ਵਿਦੇਸ਼ ਨੀਤੀ ਦੀ ਸਫ਼ਲਤਾ ਕਾਰਨ ਹੀ ਪਾਕਿਸਤਾਨ ਦੇ ਪੀਐਮ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਵਿੱਚ ਸ਼ੁਮਾਰ ਹਨ। ਜਦਕਿ ਹਾਲਾਤ ਇਹ ਹੈ ਕਿ ਅਮਰੀਕਾ ਪਹੁੰਚਣ 'ਤੇ ਉਸ ਦੀ ਅਗਵਾਈ ਲਈ ਕੋਈ ਨੇਤਾ ਨਹੀਂ ਪੁੱਜਾ ਸੀ। ਉਸ ਨੂੰ ਹੋਟਲ ਤੱਕ ਦਾ ਸਫ਼ਰ ਵੀ ਮੈਟਰੋ ਵਿੱਚ ਸਵਾਰ ਹੋ ਕੇ ਕਰਨਾ ਪਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.