ਚੰਡੀਗੜ੍ਹ, 26 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜ ਲੱਖ ਰੁਪਏ ਦੀ ਰਿਸ਼ਵਤ ਦੇ ਕਥਿਤ ਮਾਮਲੇ ਵਿੱਚੋਂ ਫ਼ਰਾਰ ਚੱਲ ਰਹੀ ਥਾਣਾ ਮਨੀਮਾਜਰਾ ਦੀ ਸਾਬਕਾ ਮੁਖੀ ਜਸਵਿੰਦਰ ਕੌਰ ਨੇ ਸੈਕਟਰ-43 ਸਥਿਤ ਸੀਬੀਆਈ ਦੀ ਅਦਾਲਤ ਵਿੱਚ ਅੱਜ ਆਤਮਸਮਰਪਣ ਕਰ ਦਿੱਤਾ। ਸੀਬੀਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿੱਚ ਸੀਬੀਆਈ ਨੇ ਜਸਵਿੰਦਰ ਕੌਰ ਤੋਂ ਪੁੱਛਗਿੱਛ ਲਈ ਪੰਜ ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਸੀਬੀਆਈ ਦੇ ਵਕੀਲ ਕੇ.ਪੀ. ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਜਸਵਿੰਦਰ ਕੌਰ ਵੱਲੋਂ ਬਤੌਰ ਥਾਣਾ ਮੁਖੀ ਰਹਿੰਦਿਆਂ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਕਥਿਤ ਦੋਸ਼ ਲੱਗੇ ਹਨ ਜਿਸ ਸਬੰਧੀ ਜਸਵਿੰਦਰ ਕੌਰ ਅਤੇ ਇਸ ਕੇਸ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਭਗਵਾਨ ਸਿੰਘ ਅਤੇ ਹੋਰਨਾਂ ਬਾਰੇ ਪੁੱਛਗਿੱਛ ਕਰਨੀ ਹੈ। ਇਸ ਮਗਰੋਂ ਅਦਾਲਤ ਨੇ ਸਾਬਕਾ ਥਾਣਾ ਮੁਖੀ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ।
ਇਸ ਮੌਕੇ ਜਸਵਿੰਦਰ ਕੌਰ ਦੇ ਵਕੀਲ ਤਰਮਿੰਦਰ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਦੇ ਹੋਏ ਜਸਵਿੰਦਰ ਕੌਰ ਦਾ ਮੈਡੀਕਲ ਕਰਵਾਉਣ ਅਤੇ ਕਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਸਵਿੰਦਰ ਕੌਰ ਨਾਲ ਮੁਲਾਕਾਤ ਕਰਨ ਦੀ ਮੰਗ ਵੀ ਕੀਤੀ। ਅਦਾਲਤ ਨੇ ਬਚਾਅ ਪੱਖ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ  ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਜਸਵਿੰਦਰ ਕੌਰ ਦਾ ਕਰੋਨਾ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ।
ਗੌਰਤਲਬ ਹੈ ਕਿ ਸੀਬੀਆਈ ਅਦਾਲਤ ਵੱਲੋਂ ਜਸਵਿੰਦਰ ਕੌਰ ਦੇ ਖ਼ਿਲਾਫ਼ ਦੋ ਵਾਰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਫੇਰ ਵੀ ਪੇਸ਼ ਨਾ ਹੋਣ 'ਤੇ ਅਦਾਲਤ ਨੇ ਜਸਵਿੰਦਰ ਕੌਰ ਨੂੰ ਭਗੌੜਾ ਐਲਾਨੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਵੇਰਵਿਆਂ ਅਨੁਸਾਰ ਜਸਵਿੰਦਰ ਕੌਰ ਨੂੰ 29 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲੇ ਭਗਵਾਨ ਸਿੰਘ ਵੱਲੋਂ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਲਗਾਈ ਗਈ ਹੈ ਜਿਸ ਦੀ ਸੁਣਵਾਈ 27 ਜੁਲਾਈ ਨੂੰ ਹੋਵੇਗੀ।
ਕੇਸ ਦੇ ਵੇਰਵਿਆਂ ਅਨੁਸਾਰ 26 ਜੂਨ ਨੂੰ ਮਨੀਮਾਜਰਾ ਦੇ ਵਸਨੀਕ ਗੁਰਦੀਪ ਸਿੰਘ ਨੇ ਸੀਬੀਆਈ ਕੋਲ ਸ਼ਿਕਾਇਤ ਕੀਤੀ ਸੀ ਕਿ 10 ਜੂਨ ਨੂੰ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਰਣਧੀਰ ਸਿੰਘ ਨਾਂ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ 27 ਲੱਖ ਰੁਪਏ ਲੈਣ ਸਬੰਧੀ ਸ਼ਿਕਾਇਤ ਆਈ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ 'ਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਸਿੰਘ ਨੇ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਕਥਿਤ ਤੌਰ 'ਤੇ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਸੀਬੀਅਈ ਨੇ ਟਰੈਪ ਲਗਾ ਕੇ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਅਗਲੇ ਦਿਨ ਹੀ ਇੰਸਪੈਕਟਰ ਜਸਵਿੰਦਰ ਕੌਰ ਫ਼ਰਾਰ ਹੋ ਗਈ ਸੀ। ਕਰੋਨਾ ਮਹਾਮਾਰੀ ਦੇ ਚਲਦਿਆਂ ਵਕੀਲਾਂ ਅਤੇ ਮੁਨਸ਼ੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਅਦਾਲਤ ਵਿੱਚ ਜਾਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਥਾਣਾ ਮਨੀਮਾਜਰਾ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਆਤਮ-ਸਮਰਪਣ ਕਰਨ ਲਈ ਅਦਾਲਤ ਦੀ ਪਾਰਕਿੰਗ ਤੱਕ ਪਹੁੰਚ ਗਈ। ਇਸ ਸਬੰਧੀ ਵਕੀਲਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ। ਵਕੀਲਾਂ ਨੇ ਕਿਹਾ ਕਰੋਨਾ ਕਰਕੇ ਸਾਰੀਆਂ ਅਦਾਲਤਾਂ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਵਕੀਲਾਂ ਅਤੇ ਮੁਨਸ਼ੀਆਂ ਨੂੰ ਅਦਾਲਤ ਵਿੱਚ ਜਾਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਪੁਲੀਸ ਵੱਲੋਂ ਸਾਬਕਾ ਥਾਣਾ ਮੁਖੀ ਨੂੰ ਅਦਾਲਤ ਕੰਪਲੈਕਸ ਵਿੱਚ ਜਾਣ ਦੇਣਾ ਗਲਤ ਹੈ। ਉਨ੍ਹਾਂ ਮੰਗ ਕੀਤੀ ਕਿ ਵਕੀਲਾਂ ਅਤੇ ਮੁਨਸ਼ੀਆਂ ਨੂੰ ਵੀ ਅਦਾਲਤ ਵਿੱਚ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.