ਘਰ 'ਚ ਪਾਰਟੀ ਦੌਰਾਨ 200 ਲੋਕਾਂ ਦੇ ਇਕੱਠ ਦਾ ਮਾਮਲਾ

ਬਰੈਂਪਟਨ, 28 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਚਲਦਿਆਂ ਕੈਨੇਡਾ ਵਿੱਚ ਵੱਡੇ ਇਕੱਠ ਕਰਨ ਦੀ ਮਨਾਹੀ ਦੇ ਬਾਵਜੂਦ ਬਰੈਂਪਟਨ ਦੇ ਇਕ ਘਰ ਵਿਚ ਪਾਰਟੀ ਦੌਰਾਨ ਬੀਤੇ ਦਿਨ 200 ਤੋਂ ਵੱਧ ਲੋਕ ਇਕੱਠੇ ਹੋਏ ਸਨ। ਸੋਸ਼ਲ ਡਿਸਟੈਟਿੰਗ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਇਸ ਮਾਮਲੇ ਵਿੱਚ ਘਰ ਦੇ ਮਾਲਕ ਨੂੰ 1 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ। ਭਾਵੇਂ ਉਹ ਇਸ ਪਾਰਟੀ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਸ ਨੇ ਇਹ ਸਮਾਗਮ ਕਰਵਾਇਆ ਸੀ। ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਾਰਟੀ 'ਚ ਸ਼ਾਮਲ ਲੋਕਾਂ ਨੂੰ ਝਾੜ ਪਾਈ ਹੈ। ਉੱਧਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਕਿ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ•ਾਂ ਲੋਕਾਂ ਨੂੰ ਭਾਰੀ ਜੁਰਮਾਨਾ ਹੋਣਾ ਚਾਹੀਦਾ ਹੈ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਕੰਨ ਹੋ ਜਾਣ ਅਤੇ ਅੱਗੇ ਤੋਂ ਕੋਈ ਵੀ ਇਹੋ ਜਿਹੇ ਕਦਮ ਚੁੱਕਣ ਤੋਂ ਲੱਖ ਵਾਰ ਸੋਚੇ।
ਦੱਸ ਦੇਈਏ ਕਿ ਬੀਤੇ ਦਿਨ ਇਹ ਇਕੱਠ ਬਰੈਂਪਟਨ ਦੇ ਕੰਟਰੀਸਾਈਡ ਡਰਾਈਵ ਅਤੇ ਗੋਰਵੇਅ ਡਰਾਈਵ ਇਲਾਕੇ ਵਿਚ ਪੈਂਦੇ ਇੱਕ ਘਰ 'ਚ ਹੋਇਆ ਸੀ। ਇਸ ਸਬੰਧੀ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲੋਕਾਂ  ਨੂੰ ਘਰੋ-ਘਰੀ ਤੋਰਿਆ। ਬਾਏਲਾਅ ਇਨਫੋਰਸਮੈਂਟ ਬਰੈਂਪਟਨ ਦੇ ਮੈਨੇਜਰ ਜੇਪੀ ਮੌਰਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਮੁਕੰਮਲ ਕਰ ਲਈ ਗਈ ਹੈ ਅਤੇ ਹੁਣ ਸੰਮਨ ਭੇਜੇ ਜਾ ਰਹੇ ਹਨ। ਘਰ ਦੇ ਮਾਲਕ ਨੂੰ ਸੰਮਨ ਭੇਜੇ ਗਏ ਹਨ। ਹੁਣ ਇਹ ਕੇਸ ਕੋਰਟ ਵਿੱਚ ਚੱਲੇਗਾ, ਜਿੱਥੇ ਘਰ ਦੇ ਮਾਲਕ ਨੂੰ ਘੱਟੋ-ਘੱਟ 500 ਡਾਲਰ ਅਤੇ ਵੱਧ ਤੋਂ ਵੱਧ 1 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਦਕਿ ਘਰ ਦਾ ਮਾਲਕ ਨੇ ਇਹ ਪਾਰਟੀ ਨਹੀਂ ਕਰਵਾਈ ਸੀ ਅਤੇ ਨਾ ਹੀ ਉਹ ਇਸ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਇਹ ਸਮਾਗਮ ਜਾਂ ਪਾਰਟੀ ਕਰਾਉਣ ਵਾਲਾ ਵਿਅਕਤੀ, ਜਿਸ ਨੂੰ ਮੌਕੇ 'ਤੇ 880 ਡਾਲਰ ਦਾ ਜੁਰਮਾਨਾ ਕੀਤਾ ਗਿਆ ਸੀ, ਉਸ ਨੂੰ ਸੰਮਨ ਜਾਰੀ ਕੀਤੇ ਗਏ ਹਨ ਅਤੇ ਕੋਰਟ ਵਿੱਚ ਉਸ ਨੂੰ 1 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਹੋ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.