ਰੋਹਤਕ, 29 ਜੁਲਾਈ, ਹ.ਬ. : ਸਾਧਵੀ ਬਲਾਤਕਾਰ ਮਾਮਲਾ ਅਤੇ ਛਤਰਪਤੀ ਹੱਤਿਆ ਕਾਂਡ ਵਿਚ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਪਹਿਲੀ ਵਾਰ ਹਨੀਪ੍ਰੀਤ 'ਤੇ ਚੁੱਪੀ ਤੋੜੀ ਹੈ।  ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਕ ਵਾਰ ਫਿਰ ਆਪਣੀ ਮਾਂ ਤੇ ਸਮਰਥਕਾਂ ਦੇ ਨਾਂ ਚਿੱਠੀ ਲਿਖੀ ਹੈ।
ਰਾਮ ਰਹੀਮ ਨੇ ਸਪੱਸ਼ਟ ਕੀਤਾ ਹੈ ਕਿ ਡੇਰੇ ਵਿਚ ਪਰਵਾਰ ਦੇ ਮੈਂਬਰਾਂ ਅਤੇ ਹਨੀਪ੍ਰੀਤ ਦੇ ਵਿਚ ਕੋਈ ਝਗੜਾ ਨਹੀਂ ਹੈ। ਦੱਸ ਦੇਈਏ ਕਿ ਸੁਨਾਰੀਆ ਜੇਲ੍ਹ ਵਿਚ ਰਾਮ ਰਹੀਮ ਨਾਲ ਹਨੀਪ੍ਰੀਤ ਹੁਣ ਤੱਕ 4-5 ਵਾਰ ਮਿਲ ਚੁੱਕੀ ਹੈ, ਲੇਕਿਨ ਉਸ ਦੌਰਾਨ ਪਰਵਾਰ ਦਾ ਕੋਈ ਮੈਂਬਰ ਨਾਲ ਨਹੀਂ ਹੁੰਦਾ ਸੀ।
ਗੁਰਮੀਤ ਰਾਮ ਰਹੀਮ ਨੇ ਚਿੱਠੀ ਵਿਚ ਮਾਂ ਨੂੰ ਕੋਰੋਨਾ ਨੂੰ ਲੈ ਕੇ ਕਈ ਸਲਾਹਾਂ ਦਿੱਤੀਆਂ ਹਨ ਤੇ ਸਾਵਧਾਨੀ ਵਰਤਣ ਨੂੰ ਕਿਹਾ ਹੈ, ਉਸ ਨੇ ਜੇਲ੍ਹ ਤੋਂ ਆ ਕੇ ਮਾਂ ਨੂੰ ਇਲਾਜ ਕਰਾਉਣ ਦਾ ਭਰੋਸਾ ਦਿਵਾਇਆ ਹੈ। ਗੁਰਮੀਤ ਨੇ ਡੇਰਾ ਪ੍ਰੇਮੀਆਂ ਨੂੰ ਕੋਰੋਨਾ 'ਤੇ ਸਰਕਾਰ ਦੇ ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ ਨੂੰ ਕਿਹਾ ਹੈ। ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ ਜਨਾਹ ਤੇ ਰਾਮਚੰਦਰ ਛਤਰਪਤੀ ਹੱਤਿਆਕਾਂਡ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਨੇ ਲਗਪਗ ਦੋ ਮਹੀਨੇ ਤੇ 11 ਦਿਨਾਂ ਬਾਅਦ ਆਪਣੀ ਮਾਂ ਤੇ ਡੇਰੇ ਦੀ ਸੰਗਤ ਦੇ ਨਾਂ ਦੂਜੀ ਚਿੱਠੀ ਲਿਖੀ ਹੈ। ਡੇਰਾ ਸੱਚਾ ਸੌਦਾ ਮੈਨੇਜਮੈਂਟ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ। ਇਸ ਚਿੱਠੀ ਵਿਚ ਡੇਰਾ ਮੁਖੀ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਲਗਾਉਣ ਤੇ ਸੱਤ ਫੀਟ ਦੀ ਦੂਰੀ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਤੋਂ ਪਹਿਲੇ ਡੇਰਾ ਮੁਖੀ ਰਾਮ ਰਹੀਮ ਨੇ 14 ਮਈ ਨੂੰ ਵੀ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਡੇਰਾ ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਣ ਲਈ ਕਾੜਾ ਪੀਣ ਲਈ ਕਿਹਾ ਸੀ। ਵਾਇਰਲ ਚਿੱਠੀ ਵਿਚ ਗੁਰਮੀਤ ਰਾਮ ਰਹੀਮ ਨੇ ਲਿਖਿਆ ਹੈ ਕਿ ਉਸ ਨੇ 14 ਮਈ ਦੀ ਚਿੱਠੀ ਵਿਚ ਜਿਸ ਤਰ੍ਹਾਂ ਦਾ ਕਾੜਾ ਬਣਾ ਕੇ ਪੀਣ ਨੂੰ ਕਿਹਾ ਸੀ ਉਸ ਦੀ ਅਜੇ ਵੀ ਵਰਤੋਂ ਕਰਨ।

ਹੋਰ ਖਬਰਾਂ »

ਹਮਦਰਦ ਟੀ.ਵੀ.