ਮੁੰਬਈ, 29 ਜੁਲਾਈ, ਹ.ਬ. : ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਖ਼ੁਦਕੁਸ਼ੀ ਮਾਮਲੇ ਵਿਚ ਮੰਗਲਵਾਰ ਨੂੰ ਫਿਲਮਕਾਰ ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵ ਮਹਿਤਾ ਨੂੰ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਪੁਲਿਸ ਵੱਲੋਂ ਸੰਮਨ ਭੇਜੇ ਜਾਣ ਤੋਂ ਬਾਅਦ ਅਪੂਰਵ ਦੁਪਹਿਰ ਬਾਅਦ ਅੰਬੋਲੀ ਥਾਣੇ ਪੁੱਜੇ ਸਨ। ਪੁਲਿਸ ਸੂਤਰਾਂ ਮੁਤਾਬਕ ਇਸੇ ਹਫ਼ਤੇ ਕਰਨ ਜੌਹਰ ਦਾ ਬਿਆਨ ਵੀ ਦਰਜ ਕੀਤਾ ਜਾ ਸਕਦਾ ਹੈ। ਸੁਸ਼ਾਂਤ ਨੇ ਕਰਨ ਦੀ ਪ੍ਰੋਡਕਸ਼ਨ ਕੰਪਨੀ ਨਾਲ ਸਾਲ 2019 ਵਿਚ 'ਡਰਾਈਵ' ਫਿਲਮ ਕੀਤੀ ਸੀ। ਫਿਲਮ ਦਾ ਨਿਰਮਾਣ ਤਾਂ ਸਿਨੇਮਾਘਰ ਲਈ ਕੀਤਾ ਗਿਆ ਸੀ, ਪਰ ਇਸ ਨੂੰ ਰਿਲੀਜ਼ ਡਿਜੀਟਲ ਪਲੇਟਫਾਰਮ 'ਤੇ ਕੀਤਾ ਗਿਆ। ਅਪੂਰਵ ਇਸ ਫਿਲਮ ਲਈ ਧਰਮਾ ਪ੍ਰੋਡਕਸ਼ਨ ਤੇ ਸੁਸ਼ਾਂਤ ਵਿਚਕਾਰ ਸਮਝੌਤੇ ਦੀ ਨਕਲ ਵੀ ਨਾਲ ਲਿਆਏ ਸਨ। ਸੂਤਰਾਂ ਮੁਤਾਬਕ ਅਪੂਰਵ ਨੇ ਦੱਸਿਆ ਕਿ ਸੁਸ਼ਾਂਤ ਤੇ ਪ੍ਰੋਡਕਸ਼ਨ ਹਾਊਸ ਵਿਚਕਾਰ ਕੋਈ ਵਿਵਾਦ ਨਹੀਂ ਸੀ। ਉਨ੍ਹਾਂ ਤੋਂ ਫਿਲਮ 'ਡਰਾਈਵ' ਦੀ ਡਿਜੀਟਲ ਰਿਲੀਜ਼ ਸਬੰਧੀ ਵੀ ਪੁੱਛਗਿੱਛ ਕੀਤੀ ਗਈ। ਇਸ ਮਾਮਲੇ ਵਿਚ ਕਰਨ ਜੌਹਰ ਤੋਂ ਪੁੱਛਗਿੱਛ ਦੀ ਮੰਗ ਉੱਠ ਰਹੀ ਹੈ। ਪੁਲਿਸ ਫਿਲਮਕਾਰ ਮਹੇਸ਼ ਭੱਟ ਤੋਂ ਸੋਮਵਾਰ ਨੂੰ ਪੁੱਛਗਿੱਛ ਕਰ ਚੁੱਕੀ ਹੈ। ਸੁਸ਼ਾਂਤ ਮਾਮਲੇ ਵਿਚ ਪੁਲਿਸ ਹੁਣ ਤਕ 40 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਰਸੋਈਆ, ਫਿਲਮਕਾਰ ਸੰਜੇ ਲੀਲਾ ਭੰਸਾਲੀ, ਫਿਲਮ ਸਮੀਖਿਅਕ ਰਾਜੀਵ ਮਸੰਦ, ਦਿਲ ਬੇਚਾਰਾ ਫਿਲਮ ਦੀ ਅਭਿਨੇਤਰੀ ਸੰਜਨਾ ਸਾਂਘੀ, ਸੁਸ਼ਾਂਤ ਦੀ ਮਹਿਲਾ ਮਿੱਤਰ ਰੀਆ ਚੱਕਰਵਰਤੀ, ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ, ਸ਼ਾਨੂੰ ਸ਼ਰਮਾ ਤੇ ਆਦਿੱਤਿਆ ਚੋਪੜਾ ਸ਼ਾਮਿਲ ਹਨ। 34 ਸਾਲਾ ਅਭਿਨੇਤਾ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਫਲੈਟ ਵਿਚ ਫਾਂਸੀ ਨਾਲ ਲਟਕੇ ਮਿਲੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.