ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਮਾਸਟਰਮਾਈਂਡ

ਕੋਲਕਾਤਾ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਸਟਰਮਾਈਂਡ ਹਰੀਸ਼ ਭਾਟੀਆ ਨੂੰ ਪੱਛਮੀ ਬੰਗਾਲ 'ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦਵਾ ਤਸਕਰੀ ਦੇ ਆਗਰਾ ਗੈਂਗ ਨਾਲ ਵੀ ਜੁੜਿਆ ਹੈ। ਉਸ ਦਾ 11 ਸੂਬਿਆਂ ਵਿੱਚ ਨੈਟਵਰਕ ਹੈ। ਇਸ ਨੈਟਵਰਕ ਦੇ ਹੁਣ ਤੱਕ 72 ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਸੱਤ ਦੀ ਅਜੇ ਭਾਲ ਕੀਤੀ ਜਾ ਰਹੀ ਹੈ। ਆਗਰਾ ਵਿੱਚ ਛਾਪਾ ਮਾਰਨ ਆਈ ਪੰਜਾਬ ਪੁਲਿਸ ਦੇ ਬਰਨਾਲਾ ਥਾਣੇ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੀਤੀ ਜਾ ਰਹੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦਾ ਸਭ ਤੋਂ ਵੱਡਾ ਰੈਕਟ ਹਰੀਸ਼ ਭਾਟੀਆ ਦਾ ਹੈ। ਦਵਾ ਤਸਕਰੀ ਦਾ ਇੱਕ ਹੋਰ ਗਿਰੋਹ ਆਗਰਾ ਗੈਂਗ ਹੈ, ਜੋ ਕਿ ਹਰੀਸ਼ ਭਾਟੀਆ ਨਾਲ ਹੀ ਮਿਲ ਕੇ ਕੰਮ ਕਰਦਾ ਹੈ। ਆਗਰਾ ਗੈਂਗ ਦਾ ਸਰਗਨਾ ਜਤਿੰਦਰ ਅਰੋੜਾ ਹੈ। ਹਰੀਸ਼ ਭਾਟੀਆ ਨਾਲ ਉਸ ਦੇ ਸਬੰਧ ਹਨ।
ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਹਰੀਸ਼ ਭਾਟੀਆ ਤੋਂ ਅਜੇ ਪੁੱਛਗਿੱਛ ਚੱਲ ਰਹੀ ਹੈ। ਉਸ ਨੇ ਖੁਦ ਨੂੰ ਕਦੇ ਆਗਰਾ ਤੇ ਕਦੇ ਦਿੱਲੀ ਦਾ ਵਾਸੀ ਦੱਸਿਆ। ਉਸ ਦੇ ਗੈਂਗ ਵਿੱਚ ਆਗਰਾ ਦੀ ਸ਼ੀਤਲਾ ਗਲੀ ਖੇਤਰ ਦੇ ਦੋ ਭਰਾਵਾਂ ਸਣੇ ਹੋਰ ਲੋਕ ਵੀ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ੇ ਦੀ ਦਵਾ ਦਾ ਕਾਰੋਬਾਰ ਬੀਤੇ ਡੇਢ ਦਹਾਕੇ ਤੋਂ ਚੱਲ ਰਿਹਾ ਹੈ। ਸ਼ੁਰੂਆਤ ਵਿੱਚ ਇਸ ਦੇ ਘੱਟ ਮੈਂਬਰ ਸਨ, ਪਰ ਦਵਾਈਆਂ ਦੀ ਕੀਮਤ ਤੋਂ ਜ਼ਿਆਦਾ ਮੁਨਾਫ਼ਾ ਹੋਣ ਕਾਰਨ ਗੈਂਗ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਚਲਾ ਗਿਆ। ਇਸ ਤੋਂ ਬਾਅਦ ਮੈਟਰੋ ਸ਼ਹਿਰਾਂ ਵਿੱਚ ਨਸ਼ੇ ਦੀਆਂ ਦਵਾਈਆਂ ਸਪਲਾਈ ਕੀਤੀਆਂ ਜਾਣ ਲੱਗੀਆਂ।
ਹਰੀਸ਼ ਭਾਟੀਆ ਨੇ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਆਗਰਾ ਨਸ਼ੇ ਦੀਆਂ ਦਵਾਈਆਂ ਦੀ ਵੱਡੀ ਮੰਡੀ ਹੈ। ਇੱਥੇ ਬਾਹਰੋਂ ਦਵਾਈ ਲਿਆ ਕੇ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਜਿੱਥੋਂ ਵੀ ਮੰਗ ਆਉਂਦੀ ਹੈ, ਉੱਥੇ ਭੇਜ ਦਿੱਤੀਆਂ ਜਾਂਦੀਆਂ ਹਨ। ਇੱਥੇ ਤਸਕਰੀ ਕਰਨ ਵਾਲੇ ਕਈ ਲੋਕ ਉਸ ਦੇ ਨਾਲ ਕੰਮ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.