ਨਿਊਯਾਰਕ, 31 ਜੁਲਾਈ, ਹ.ਬ. : ਅਮਰੀਕਾ ਵਿਚ ਕੋਵਿਡ 19 ਨਾਲ ਪੀੜਤ ਜਰਮਨ ਸ਼ੈਫਰਡ ਕੁੱਤੇ ਦੀ ਮੌਤ ਹੋ ਗਈ। ਕਿਸੇ ਕੁੱਤੇ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ  ਇਹ ਪਹਿਲਾ ਪੁਸ਼ਟ ਮਾਮਲਾ ਸੀ। ਸਟੇਟਨ ਆਈਲੈਂਡ ਦੇ ਰਾਬਰਟ ਅਤੇ ਐਲਿਸਨ ਮਾਹਨੀ ਨੇ ਨੈਸ਼ਨਲ ਜਿਓਗਰਾਫਿਕ ਨੂੰ ਦੱਸਿਆ ਕਿ ਉਨ੍ਹਾਂ ਦੇ ਸੱਤ ਸਾਲ ਦੇ ਕੁੱਤੇ ਨੂੰ ਅਪ੍ਰੈਲ ਮਹੀਨੇ ਦੇ ਮੱਧ ਵਿਚ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਸੀ ਅਤੇ ਉਹ ਕਈ ਹਫਤੇ ਤੱਕ ਇਸ ਵਾਇਰਸ ਦੀ ਲਪੇਟ ਵਿਚ ਰਿਹਾ ।
ਇੱਕ ਪਸ਼ੂ ਮਾਹਰ ਨੇ ਮਈ ਵਿਚ ਇਸ ਦੀ ਜਾਂਚ ਕੀਤੀ ਜਿਸ ਵਿਚ ਉਸ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਜੂਨ ਵਿਚ ਜਾਣਕਾਰੀ ਦਿੱਤੀ ਸੀ ਕਿ ਨਿਊਯਾਰਕ ਵਿਚ ਇੱਕ ਜਰਮਨ ਸ਼ੈਫਰਡ, ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਵਾਲਾ ਪਹਿਲਾ ਮਾਮਲਾ ਹੈ। ਉਸ ਦੀ ਜ਼ਿਆਦਾ ਹਾਲਤ ਖਰਾਬ ਹੋਣ 'ਤੇ 11 ਜੁਲਾਈ ਨੂੰ ਉਸ ਨੂੰ ਦਰਦ ਰਹਿਤ ਮੌਤ ਦੇ ਦਿੱਤੀ ਗਈ। ਉਸ ਦੇ ਖੂਨ ਦੀ ਜਾਂਚ ਵਿਚ ਪ੍ਰਤੀਰੋਧਕ ਪ੍ਰਣਾਲੀ ਦੇ ਕੈਂਸਰ ਦਾ ਵੀ ਪਤਾ ਚਲਿਆ। ਇਹ ਸਪਸ਼ਟ ਨਹੀਂ ਹੈ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੀ ਹੋਈ ਹੈ ਜਾਂ ਨਹੀਂ। ਖੇਤੀਬਾੜੀ ਵਿਭਾਗ ਨੇ ਅਮਰੀਕਾ ਵਿਚ ਕਈ ਪਸ਼ੂਆਂ ਵਿਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਕੀਤੀ ਹੈ।  ਵਿਭਾਗ ਨੇ ਕਿਹਾ ਕਿ ਪਸ਼ੂਆਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਪ੍ਰਮਾਣ ਨਹੀਂ ਮਿਲੇ ਹਨ ਲੇਕਿਨ ਅਜਿਹਾ ਲੱਗਦਾ ਹੈ ਕਿ ਕੁਝ ਹਾਲਾਤਾਂ ਵਿਚ ਲੋਕਾਂ ਤੋਂ ਇਹ ਸੰਕਰਮਣ ਪਸੂਆਂ ਤੱਕ ਫੈਲ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.