ਨਵੀਂ ਦਿੱਲੀ, 31 ਜੁਲਾਈ, ਹ.ਬ. : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਦੁਖਦਾਈ ਖ਼ਬਰ ਤੋਂ ਲੋਕ ਅਜੇ ਬਾਹਰ ਨਹੀਂ ਨਿਕਲੇ ਸਨ ਕਿ ਇਕ ਹੋਰ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ। ਸੁਸ਼ਾਂਤ ਸਿੰਘ ਵਾਂਗ ਹੀ ਮਰਾਠੀ ਫਿਲਮ ਇੰਡਸਟਰੀ ਵਿਚ ਮੰਨੇ-ਪ੍ਰਮੰਨੇ ਅਦਾਕਾਰ ਆਸ਼ੂਤੋਸ਼ ਭਾਕਰੇ ਨੇ ਖ਼ੁਦਕੁਸ਼ੀ ਕਰ ਲਈ ਹੈ। 32 ਸਾਲਾ ਆਸ਼ੂਤੋਸ਼ ਨੇ ਮਹਾਰਾਸ਼ਟਰ ਦੇ ਨਾਂਦੇੜ ਵਿਚ ਸਥਿਤ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਆਸ਼ੂਤੋਸ਼ ਦੀ ਖ਼ੁਦਕੁਸ਼ੀ ਦਾ ਕਾਰਨ ਡਿਪਰੈਸ਼ਨ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਦਿਹਾਂਤ ਤੇ ਪੂਰੀ ਫਿਲਮ ਇੰਡਸਟਰੀ ਵਿਚ ਸੋਗ ਹੈ। ਆਸ਼ੂਤੋਸ਼ ਦੇ ਇਸ ਕਦਮ ਨਾਲ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਪੁਲਿਸ ਅਨੁਸਾਰ ਆਸ਼ੂਤੋਸ਼ ਦੇ ਮਾਤਾ-ਪਿਤਾ ਜਦੋਂ ਬੁੱਧਵਾਰ ਦੁਪਹਿਰ ਨੂੰ ਗਣੇਸ਼ ਨਗਰ ਇਲਾਕੇ ਦੇ ਫਲੈਟ ਵਿਚ ਆਏ ਤਾਂ ਉਨ੍ਹਾਂ ਨੇ ਆਸ਼ੂਤੋਸ਼ ਦੀ ਲਾਸ਼ ਲਟਕਦੀ ਦੇਖੀ।  ਪੁਲਿਸ ਅਨੁਸਾਰ ਅਦਾਕਾਰ ਪਿਛਲੇ ਕੁਝ ਦਿਨਾਂ ਤੋਂ ਕਥਿਤ ਤੌਰ 'ਤੇ ਡਿਪਰੈਸ਼ਨ ਵਿਚ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਭਾਕਰੇ ਨੇ 'ਭਾਕਰ' ਤੇ 'ਈਚਾਰ ਠਰਲਾ ਪੱਕਾ' ਜਿਹੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਅਦਾਕਾਰਾ ਮਿਊਰੀ ਦੇਸ਼ਮੁਖ ਨਾਲ ਵਿਆਹ ਕੀਤਾ ਸੀ। ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਸਨ। ਲਾਕਡਾਊਨ ਦੌਰਾਨ ਉਹ ਆਪਣੀ ਪਤਨੀ ਨਾਲ ਹੀ ਨਾਂਦੇੜ ਵਿਖੇ ਆਪਣੇ ਘਰ ਵਿਚ ਰਹਿ ਰਹੇ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.