ਮੁੰਬਈ, 1 ਅਗਸਤ, ਹ.ਬ. :ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਬਿਹਾਰ ਪੁਲਿਸ ਦੀ ਐਫਆਈਆਰ 'ਤੇ ਆਧਾਰਤ ਮਨੀ ਲਾਂਡਰਿੰਗ ਕੇਸ ਵਿਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਛੇਤੀ ਹੀ ਈਡੀ ਰਿਆ ਚੱਕਰਵਰਤੀ ਨੂੰ ਪੁਛਗਿਛ ਲਈ ਸੰਮਨ ਜਾਰੀ ਕਰੇਗਾ। ਈਡੀ ਦੇ ਸੀਨੀਅਰ ਅਧਿਕਾਰੀ ਪੂਰੀ ਜਾਂਚ ਦੀ ਨਿਗਰਾਨੀ ਕਰਨਗੇ। ਧਿਆਨ ਦੇਣ ਦੀ ਗੱਲ ਹੈ ਕਿ ਵੀਰਵਾਰ ਨੂੰ ਹੀ ਈਡੀ ਨੇ ਬਿਹਾਰ ਪੁਲਿਸ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਐਫਆਈਆਰ ਮੰਗੀ ਸੀ। ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੰਦੇ ਹੋਏ ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਐਫਆਈਆਰ ਵਿਚ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਹੈ ਅਜਿਹੇ ਵਿਚ ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਇਹ ਪੈਸੇ ਕਿਸ ਕੰਮ ਲਈ ਦਿਤੇ ਗਏ ਸਨ ਤੇ ਕਿਤੇ ਇਹ ਕਿਸੇ ਦਬਾਅ ਵਿਚ ਲਈ ਗਈ ਵਸੂਲੀ ਨਾਲ ਸਬੰਧਤ ਤਾਂ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਰੇ ਖਾਤਿਆਂ ਵਿਚ ਲੈਣ-ਦੇਣ ਦੀ ਵਿਸਥਾਰਤ ਜਾਣਕਾਰੀ ਦੇਣ ਲਈ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ। ਇਕ ਵਾਰੀ ਬੈਂਕਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਮੁਲਜ਼ਮਾਂ ਤੇ ਗਵਾਹਾਂ ਤੋਂ ਪੁਛਗਿਛ ਸ਼ੁਰੂ ਕੀਤੀ ਜਾਵੇਗੀ। ਰਿਆ ਚੱਕਰਵਰਤੀ ਦੇ ਬਾਰੇ ਵਿਚ ਪੁਛੇ ਜਾਣ ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਛੇਤੀ ਹੀ ਅਦਾਕਾਰਾ ਨੂੰ ਪੁਛਗਿਛ ਲਈ ਬੁਲਾਇਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.