2017 'ਚ ਪੰਜਾਬ ਤੋਂ ਕੈਨੇਡਾ ਗਿਆ ਸੀ ਹਰਮਿੰਦਰ ਸਿੰਘ

ਸ਼ੁਤਰਾਣਾ, 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਪੰਜਾਬੀਆਂ ਲਈ ਲਗਾਤਾਰ ਦੁਖ ਭਰੀਆਂ ਖ਼ਬਰਾਂ ਆ ਰਹੀਆਂ ਹਨ ਅਜੇ ਬੀਤੇ ਦਿਨੀਂ ਹੀ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਕੈਨੇਡਾ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਹੁਣ ਤਾਜ਼ਾ ਖ਼ਬਰ ਆ ਰਹੀ ਹੈ ਕਿ ਪੜ੍ਹਾਈ ਕਰਨ ਲਈ ਕੈਨੇਡਾ ਗਏ ਪਟਿਆਲਾ ਦੇ ਹਰਮਿੰਦਰ ਸਿੰਘ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ।

22 ਸਾਲਾ ਹਰਮਿੰਦਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਦਾ ਵਾਸੀ ਸੀ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਤੇ ਤਾਇਆ ਕੈਪਟਨ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਹਰਮਿੰਦਰ ਸਿੰਘ ਸਾਲ 2017 ਵਿਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਹੋਣ ਉਪਰੰਤ ਉਸ ਨੇ ਪੀ.ਆਰ. ਅਪਲਾਈ ਕਰ ਦਿੱਤੀ ਸੀ। ਉਸ ਦਾ ਰੋਜ਼ਾਨਾ ਹੀ ਪਰਿਵਾਰ ਨੂੰ ਫੋਨ ਆਉਂਦਾ ਸੀ ਤੇ ਉਸ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ, ਪਰ ਬੀਤੀ ਰਾਤ ਕੈਨੇਡਾ ਪੁਲਿਸ ਦੇ ਇਕ ਅਧਿਕਾਰੀ ਦਾ ਫੋਨ ਆਇਆ ਕਿ ਤੁਹਾਡੇ ਲੜਕੇ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ 'ਤੇ ਪਰਿਵਾਰ ਨੂੰ ਭਰੋਸਾ ਨਾ ਹੋਇਆ ਤਾਂ ਕੈਨੇਡਾ ਵਿਖੇ ਲੜਕੇ ਦੇ ਦੋਸਤਾਂ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਹਰਮਿੰਦਰ ਦੀ ਮੌਤ ਹੋ ਗਈ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਪੀੜਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਜਲਦ ਤੋਂ ਜਲਦ ਪੰਜਾਬ ਮੰਗਵਾਈ ਜਾਵੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਕੈਨੇਡਾ ਦੀਆਂ ਵੱਖ-ਵੱਖ ਝੀਲਾਂ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.