ਭਰਾ ਸ਼ੌਵਿਕ ਚੱਕਰਵਰਤੀ ਨੂੰ ਵੀ ਐਨਫ਼ੋਰਸਮੈਂਟ ਡਾਇਰੈਕਟੋਰੇਟ ਅਫ਼ਸਰਾਂ ਨੇ ਘੇਰਿਆ
ਮੁੰਬਈ, 8 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿਚ ਅੱਜ ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਤੋਂ ਪੁੱਛ-ਪੜਤਾਲ ਕੀਤੀ ਗਈ। ਰੀਆ ਨੇ ਸੁਪਰੀਮ ਕੋਰਟ ਵਿਚ ਦਾਖ਼ਲ ਪਟੀਸ਼ਨ ਬਾਰੇ ਫ਼ੈਸਲਾ ਆਉਣ ਤੱਕ ਪੁੱਛ-ਪੜਤਾਲ ਟਾਲਣ ਦੀ ਗੁਜ਼ਾਰਿਸ਼ ਕੀਤੀ ਸੀ ਪਰ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਫ਼ਸਰ ਨਾ ਮੰਨੇ। ਰੀਆ ਚੱਕਰਵਰਤੀ ਵਿਰੁੱਧ ਸੁਸ਼ਾਂਤ ਦੇ ਖਾਤੇ ਵਿਚੋਂ 15 ਕਰੋੜ ਰੁਪਏ ਕਢਵਾ ਕੇ ਆਪਣੀ ਕੰਪਨੀ ਵਿਚ ਇਨਵੈਸਟ ਕਰਵਾਉਣ ਦਾ ਦੋਸ਼ ਹੈ। ਰੀਆ ਚੱਕਰਵਰਤੀ ਸ਼ੁੱਕਰਵਾਰ ਸਵੇਰੇ 11.30 ਵਜੇ ਆਪਣੇ ਭਰਾ ਸ਼ੌਵਿਕ ਅਤੇ ਪਿਤਾ ਇੰਦਰਜੀਤ ਚੱਕਰਵਰਤੀ ਨਾਲ ਐਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪੁੱਜੀ ਸੀ। ਰੀਆ ਦੇ ਭਰਾ ਨੂੰ ਦੋ ਘੰਟੇ ਦੀ ਪੁੱਛ-ਪੜਤਾਲ ਮਗਰੋਂ ਘਰ ਜਾਣ ਦੀ ਇਜਾਜ਼ਤ ਦੇ ਦਿਤੀ ਗਈ ਪਰ ਅੰਤਮ ਰਿਪੋਰਟਾਂ ਮਿਲਣ ਤੱਕ ਰੀਆ ਤੋਂ ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਸੀ। ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੁਸ਼ਾਂਤ ਦੀ ਬਿਜ਼ਨਸ ਮੈਨੇਜਰ ਸ਼ਰੂਤੀ ਮੋਦੀ ਨੂੰ ਵੀ ਸੱਦਿਆ ਗਿਆ ਹੈ ਜਦਕਿ ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਤੋਂ 8 ਅਗਸਤ ਨੂੰ ਪੁੱਛ-ਪੜਤਾਲ ਕੀਤੀ ਜਾਵੇਗੀ। ਇਸੇ ਦਰਮਿਆਨ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਦਿਤਾ ਜਿਸ ਵਿਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਐਫ਼.ਆਈ.ਆਰ. ਪਟਨਾ ਵਿਖੇ ਦਰਜ ਕਰਨਾ ਕਿਸੇ ਵੀ ਪੱਖੋਂ ਗ਼ਲਤ ਨਹੀਂ। ਸੂਬਾ ਸਰਕਾਰ ਨੇ ਕਿਹਾ ਕਿ ਅਪਰਾਧ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਐਫ਼.ਆਈ.ਆਰ. ਦਰਜ ਕਰਨੀ ਪੈਂਦੀ ਹੈ। ਮੁੰਬਈ ਪੁਲਿਸ ਨੇ ਸਹਿਯੋਗ ਨਹੀਂ ਕੀਤਾ ਪਰ ਸਾਨੂੰ ਲੱਗਿਆ ਕਿ ਇਹ ਮਾਮਲਾ ਸਿਰਫ਼ ਮੁੰਬਈ ਤੱਕ ਸੀਮਤ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.