ਕੋਟਕਪੂਰਾ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੋਟਕਪੁਰਾ ਦੇ ਪਿੰਡ ਢਿੱਲਵਾਂ ਕਲਾਂ ਨੇੜੇ ਕੋਠੇ ਰਾਮਸਰ ਵਿਖੇ ਇਕ ਤੇਜ਼ ਰਫਤਾਰ ਬੇਕਾਬੂ ਸਕਾਰਪੀਓ ਨੇ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਕੁਲਵੰਤ ਸਿੰਘ ਉਰਫ ਗੋਰਖਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕੋਠੇ ਰਾਮਸਰ (ਢਿੱਲਵਾਂ ਕਲਾਂ) ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਉਸ ਦਾ ਪਿਤਾ ਸਾਬਕਾ ਸਰਪੰਚ ਨੱਥਾ ਸਿੰਘ (70) ਖੇਤਾਂ ਵਿਚ ਚੱਕਰ ਲਾਉਣ ਤੋਂ ਬਾਅਦ ਸਾਈਕਲ 'ਤੇ ਘਰ ਆ ਰਿਹਾ ਸੀ ਕਿ ਇਸ ਦੌਰਾਨ ਇਕ ਤੇਜ਼ ਰਫਤਾਰ ਸਕਾਰਪੀਓ ਨੇ ਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਉਸ ਦਾ ਪਿਤਾ 10-15 ਫੁੱਟ ਦੂਰ ਜਾ ਡਿੱਗਿਆ।
ਉਪਰੰਤ ਚਾਲਕ ਨੇ ਗੱਡੀ ਨੇੜੇ ਹੀ ਘਰ ਬਾਹਰ ਟਾਹਲੀ ਦੀ ਛਾਂ ਹੇਠ ਬੈਠੇ ਬੂਟਾ ਸਿੰਘ ਅਤੇ ਉਸ ਦੀ ਪਤਨੀ ਬਿੰਦਰ ਕੌਰ 'ਤੇ ਚੜ੍ਹਾ ਦਿੱਤੀ। ਇਸ ਘਟਨਾ ਦੌਰਾਨ ਕੁਲਵੰਤ ਸਿੰਘ ਦੇ ਪਿਤਾ ਨੱਥਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੂਟਾ ਸਿੰਘ ਅਤੇ ਬਿੰਦਰ ਕੌਰ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਬਿੰਦਰ ਕੌਰ ਦੀ ਵੀ ਮੌਤ ਹੋ ਗਈ।
ਥਾਣਾ ਸਦਰ ਪੁਲਿਸ ਵੱਲੋਂ ਗੱਡੀ ਚਾਲਕ ਪਿੰਡ ਬਰਗਾੜੀ ਵਾਸੀ ਅਕਾਸ਼ਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਕੋਟਕਪੂਰਾ ਦੇ ਏਐੱਸਆਈ ਹਾਕਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.