ਵਿਧਾਇਕ ਕਤਲਕਾਂਡ 'ਚ ਲੋੜੀਂਦਾ ਸੀ ਰਾਕੇਸ਼ ਪਾਂਡੇ

ਲਖਨਊ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਕਤਲਕਾਂਡ ਵਿੱਚ ਦੋਸ਼ੀ ਇਨਾਮੀ ਬਦਮਾਸ਼ ਨੂੰ ਯੂਪੀ ਪੁਲਿਸ ਨੇ ਇੱਕ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਰਾਕੇਸ਼ ਪਾਂਡੇ ਉਰਫ਼ ਹਨੁਮਾਨ ਪਾਂਡੇ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਰਾਕੇਸ਼ ਪਾਂਡੇ ਮੁਖਤਾਰ ਅੰਸਾਰੀ ਅਤੇ ਮੁੰਨਾ ਬਜਰੰਗੀ ਦਾ ਕਰੀਬੀ ਸੀ। ਲਖਨਊ ਦੇ ਸਰੋਜਨੀਨਗਰ ਵਿੱਚ ਐਸਟੀਐਮ ਨੇ ਰਾਕੇਸ਼ ਪਾਂਡਾ ਦਾ ਐਨਕਾਊਂਟਰ ਕੀਤਾ। ਮੁੰਨਾ ਬਜਰੰਗੀ ਦੇ ਕਤਲ ਮਗਰੋਂ ਰਾਕੇਸ਼ ਪਾਂਡੇ ਮੁਖਤਾਰ ਅੰਸਾਰੀ ਗੈਂਗ ਦਾ ਵੱਡਾ ਸ਼ੂਟਰ ਬਣ ਗਿਆ ਸੀ। ਮਾਓ ਦੇ ਕੋਪਾਜੰਗ ਦਾ ਵਾਸੀ ਰਾਕੇਸ਼ ਪਾਂਡੇ ਕਈ ਸਨਸਨੀਖੇਜ ਵਾਰਦਾਤਾਂ ਵਿੱਚ ਸ਼ਾਮਲ ਸੀ। ਮਾਓ ਵਿੱਚ ਠੇਕੇਦਾਰ ਅਜੇ ਪ੍ਰਕਾਸ਼ ਸਿੰਘ ਉਰਫ਼ ਮੰਨਾ ਸਿੰਘ ਤੇ ਇੱਕ ਹੋਰ ਵਿਅਕਤੀ ਦੇ ਦੋਹਰੇ ਕਤਲਕਾਂਡ ਵਿੱਚ ਵੀ ਮੁਖਤਾਰ ਅੰਸਾਰੀ ਦੇ ਨਾਲ ਹਨੁਮਾਨ ਪਾਂਡੇ ਦੋਸ਼ੀ ਸੀ। ਐਨਕਾਊਂਟਰ ਵਿੱਚ ਮਾਰੇ ਗਏ ਇਨਾਮੀ ਬਦਮਾਸ਼ ਰਾਕੇਸ਼ ਪਾਂਡੇ  ਦਾ ਲੰਬਾ ਅਪਰਾਧਕ ਇਤਿਹਾਸ ਰਿਹਾ ਹੈ। ਰਾਜਧਾਨੀ ਲਖਨਊ ਸਣੇ ਰਾਏਬਰੇਲੀ, ਗਾਜ਼ੀਪੁਰ ਤੇ ਮਾਓ ਵਿੱਚ 10 ਮੁਕੱਦਮੇ ਗੰਭੀਰ ਧਾਰਾਵਾਂ ਤਹਿਤ ਦਰਜ ਹਨ।
ਐਸਟੀਐਮ ਦੇ ਐਸਐਸਪੀ ਸੁਧੀਰ ਕੁਮਾਰ ਸਿੰਘ ਦੇ ਮੁਤਾਬਕ ਬਨਾਰਸ ਐਸਟੀਐਫ਼ ਅਤੇ ਲਖਨਊ ਐਸਟੀਐਮ ਨੂੰ ਸੂਚਨਾ ਮਿਲੀ ਸੀ ਕਿ ਇਨਾਮੀ ਬਦਮਾਸ਼ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਟੀਮ ਨੇ ਉਸ ਦਾ ਪਿੱਛਾ ਕੀਤਾ ਅਤੇ ਸਰੋਜਨੀਨਗਰ ਥਾਣੇ ਦੇ ਅੱਗੇ ਲਖਨਊ-ਕਾਨਪੁਰ ਹਾਈਵੇਅ 'ਤੇ ਰੋਕਣ ਦੀ ਕੋਸ਼ਿਸ਼ ਕੀਤੀ। ਜਵਾਬ ਵਿੱਚ ਬਦਮਾਸ਼ ਨੇ ਐਸਟੀਐਮ 'ਤੇ ਗੋਲੀਆਂ ਚਲਾ ਦਿੱਤੀਆਂ। ਇਸ 'ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਇਨਾਮੀ ਬਦਮਾਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਇਸ ਬਦਮਾਸ਼ 'ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਦੱਸ ਦੇਈਏ ਕਿ ਲਗਭਗ ਅੱਧਾ ਦਰਜਨ ਬਦਮਾਸ਼ਾਂ ਨੇ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਅਤੇ ਉਸ ਦੇ 6 ਹੋਰ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ ਵਿੱਚ ਬਾਹੁਬਲੀ ਮੁਖਤਾਰ ਅੰਸਾਰੀ ਦਾ ਨਾਮ ਸਾਹਮਣੇ ਆਇਆ ਸੀ। ਇਸ ਹਮਲੇ ਦਾ ਇੱਕ ਮਹੱਤਵਪੂਰਨ ਗਵਾਹ ਸ਼ਸ਼ੀਕਾਂਤ ਰਾਏ 2006 ਵਿੱਚ ਸ਼ੱਕੀ ਹਾਲਾਤ ਵਿੱਚ ਮ੍ਰਿਤਕ ਮਿਲਿਆ ਸੀ। ਉਸ ਨੇ ਕ੍ਰਿਸ਼ਨਾਨੰਦ ਰਾਏ ਦੇ ਕਾਫ਼ਲੇ 'ਤੇ ਹਮਲਾ ਕਰਨ ਦਾ ਦੋਸ਼ ਮੁਖਤਾਰ ਅੰਸਾਰੀ ਅਤੇ ਮੁੰਨਾ ਬਜਰੰਗੀ 'ਤੇ ਲਾਇਆ ਸੀ। ਇਸ ਕਤਲਕਾਂਡ ਨੇ ਯੂਪੀ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.