ਪਰਿਵਾਰ ਦੀ ਧੀ ਨੇ ਹੀ ਸਾਰਿਆਂ ਨੂੰ ਲਾਇਆ ਜ਼ਹਿਰ ਦਾ ਟੀਕਾ!

ਜੋਧਪੁਰ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਜੋਧਪੁਰ ਜ਼ਿਲ•ੇ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਨੂੰ ਲੈ ਕੇ ਸ਼ੁਰੂਆਤੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਦੀ ਧੀ 38 ਸਾਲਾ ਲਕਸ਼ਮੀ ਨੇ ਸਾਰਿਆਂ ਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਲਕਸ਼ਮੀ 75 ਸਾਲਾ ਬੁਧਾਰਾਮ ਦੀ ਬੇਟੀ ਸੀ। ਇਹ ਸਾਰੇ ਪਾਕਿਸਤਾਨ ਤੋਂ ਆਏ ਹੋਏ ਹਿੰਦੂ ਸ਼ਰਨਾਰਥੀ ਸਨ।
ਲਾਸ਼ਾਂ ਦੇ ਨੇੜਿਓਂ ਜ਼ਹਿਰ ਦੀਆਂ ਸ਼ੀਸ਼ੀਆਂ ਅਤੇ ਟੀਕੇ ਮਿਲੇ ਹਨ। ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਨ•ਾਂ ਸਾਰੇ 11 ਲੋਕਾਂ ਨੂੰ ਚੂਹੇ ਮਾਰਨ ਵਾਲੀ ਦਵਾਈ ਦਾ ਇੰਜੈਕਸ਼ਨ ਲਾਇਆ ਗਿਆ ਹੈ। ਮੌਕੇ ਤੋਂ ਅਲਪ੍ਰਾਜੋਲਮ ਟੈਬਲੇਟ ਵੀ ਮਿਲੀਆਂ ਹਨ, ਜਿਨ•ਾਂ ਦੀ ਵਰਤੋਂ ਨੀਂਦ ਦੀ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਲਕਸ਼ਮੀ ਨੇ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਟੀਕਾ ਲਾਇਆ। ਕਿਉਂਕਿ ਉਹ ਟੀਕਾ ਲਾਉਣ ਬਾਰੇ ਜਾਣਦੀ ਸੀ। ਉਸ ਨੇ ਪਾਕਿਸਤਾਨ ਤੋਂ ਨਰਸਿੰਗ ਦਾ ਕੋਰਸ ਕੀਤਾ ਸੀ। ਸ਼ੱਕ ਇਸ ਕਾਰਨ ਵੀ ਹੋ ਰਿਹਾ ਹੈ ਕਿਉਂਕਿ 10 ਮ੍ਰਿਤਕਾਂ ਦੇ ਹੱਥਾਂ ਵਿੱਚ ਸੂਈ ਲਾਈ ਗਈ ਹੈ, ਜਦਕਿ ਲਕਸ਼ਮੀ ਦੇ ਪੈਰ ਵਿੱਚ ਸੂਈ ਲੱਗੀ ਹੋਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਲਕਸ਼ਮੀ ਨੇ ਪਹਿਲਾਂ ਪਰਿਵਾਰ ਦੇ ਮੈਂਬਰਾਂ ਦੇ ਹੱਥਾਂ ਵਿੱਚ ਟੀਕਾ ਲਾਇਆ ਅਤੇ ਬਾਅਦ ਵਿੱਚ ਆਪਣੇ ਪੈਰ 'ਚ ਟੀਕਾ ਲਾ ਲਿਆ। 38 ਸਾਲਾ ਲਕਸ਼ਮੀ ਦਾ ਵਿਆਹ ਜੋਧਪੁਰ 'ਚ ਹੀ ਹੋਇਆ ਸੀ, ਪਰ ਉਹ ਸਹੁਰੇ ਘਰ ਨਹੀਂ ਜਾਂਦੀ ਸੀ ਅਤੇ ਪੇਕੇ ਘਰ ਹੀ ਰਹਿ ਰਹੀ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਰਿਵਾਰ ਵਾਲਿਆਂ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਪਾਈਆਂ ਗਈਆਂ ਸਨ। ਬਾਅਦ ਵਿੱਚ ਇਨ•ਾਂ ਸਾਰਿਆਂ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ। ਪਰਿਵਾਰ ਦਾ 12ਵਾਂ ਮੈਂਬਰ ਕੇਵਲ ਰਾਮ ਇਸ ਲਈ ਬਚ ਗਿਆ ਕਿਉਂਕਿ ਉਹ ਖਾਣਾ ਖਾ ਕੇ ਨੀਲ ਗਾਂ ਨੂੰ ਭਜਾਉਂਦੇ ਹੋਏ ਖੇਤ ਵਿੱਚ ਹੀ ਸੋ ਗਿਆ ਸੀ। ਸਵੇਰੇ ਜਦੋਂ ਉਹ ਘਰ ਪਰਤਿਆ ਤਾਂ ਉਸ ਸਮੇਂ ਤੱਕ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮਿਲੀ ਹੈ ਕਿ ਪਰਿਵਾਰ 'ਚ ਘਰੇਲੂ ਕਲੇਸ਼ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਇਸੇ ਕਾਰਨ ਬੁਧਾਰਾਮ ਦਾ ਇੱਕ ਬੇਟਾ ਵਾਪਸ ਪਾਕਿਸਤਾਨ ਚਲਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.