ਅਮਰੀਕਾ ਦੇ ਦਬਾਅ ਮਗਰੋਂ ਸ਼ਾਂਤੀ ਲਈ ਚੁੱਕਿਆ ਕਦਮ

ਕਾਬੁਲ, 10 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਫ਼ਗਾਨਿਸਤਾਨ ਸਰਕਾਰ ਤਾਲਿਬਾਨ ਦੇ 400 ਅੱਤਵਾਦੀ ਛੱਡਣ ਜਾ ਰਹੀ ਹੈ। ਇਹ ਅੱਤਵਾਦੀ ਕਈ ਜਵਾਨਾਂ ਤੇ ਨਾਗਰਿਕਾਂ ਦੇ ਕਤਲ 'ਚ ਸ਼ਾਮਲ ਰਹੇ ਹਨ, ਪਰ ਸ਼ਾਂਤੀ ਵੱਲ ਕਦਮ ਚੁੱਕਣ ਲਈ ਅਫ਼ਗਾਨਿਸਤਾਨ ਸਰਕਾਰ ਇਹ ਕੌੜਾ ਘੁੱਟ ਭਰੇਗੀ। ਅਗਲੇ ਹਫ਼ਤੇ ਕਤਰ ਵਿੱਚ ਤਾਲਿਬਾਨ ਤੇ ਅਫ਼ਗਾਨ ਸਰਕਾਰ ਵਿਚਕਾਰ ਇਸ ਸਬੰਧੀ ਗੱਲਬਾਤ ਹੋ ਸਕਦੀ ਹੈ। ਤਾਲਿਬਾਨ ਨੇ ਇਸ ਦੇ ਲਈ ਸਹਿਮਤੀ ਵੀ ਦੇ ਦਿੱਤੀ ਹੈ।
ਤਾਲਿਬਾਨੀ ਕੈਦੀਆਂ ਦੀ ਰਿਹਾਈ ਬਾਰੇ ਫ਼ੈਸਲਾ ਲੈਣ ਲਈ ਅਸ਼ਰਫ਼ ਗਨੀ ਸਰਕਾਰ ਨੇ ਪਿਛਲੇ ਹਫ਼ਤੇ 3200 ਕਮਿਊਨਿਟੀ ਲੀਡਰਾਂ ਅਤੇ ਸਿਆਸਤਦਾਨਾਂ ਦੀ ਬੈਠਕ ਬੁਲਾਈ ਸੀ। ਸਾਰਿਆਂ ਦੇ ਸੁਝਾਅ 'ਤੇ ਕੈਦੀਆਂ ਦੀ ਰਿਹਾਈ ਬਾਰੇ ਫ਼ੈਸਲਾ ਲਿਆ ਗਿਆ। ਸਰਕਾਰ ਨੇ ਤਾਲਿਬਾਨ ਨਾਲ 5 ਹਜ਼ਾਰ ਕੈਦੀਆਂ ਨੂੰ ਛੱਡਣ ਦਾ ਵਾਅਦਾ ਕੀਤਾ ਸੀ। 4600 ਕੈਦੀ ਪਹਿਲਾਂ ਹੀ ਛੱਡੇ ਜਾ ਚੁੱਕੇ ਹਨ।
ਅਮਰੀਕਾ ਅਫ਼ਗਾਨਿਸਤਾਨ ਸਰਕਾਰ 'ਤੇ ਸ਼ਾਂਤੀ ਲਈ ਗੱਲਬਾਤ ਅੱਗੇ ਵਧਾਉਣ ਲਈ ਦਬਾਅ ਪਾ ਰਿਹਾ ਹੈ। ਇਸ ਸਾਲ 3 ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਬਾਹਰ ਕੱਢਣਗੇ। ਟਰੰਪ ਚਾਹੁੰਦੇ ਹਨ ਕਿ ਜਲਦ ਤੋਂ ਜਲਦ ਸ਼ਾਂਤੀ ਲਈ ਗੱਲਬਾਤ ਅੱਗੇ ਵਧੇ ਅਤੇ ਉਹ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਫ਼ੌਜੀਆਂ ਦੀ ਨਿਕਾਸੀ ਦੀ ਪ੍ਰਕਿਰਿਆ ਸ਼ੁਰੂ ਕਰ ਸਕਣ। ਇਸ ਦੇ ਲਈ ਉਹ ਅਫ਼ਗਾਨ ਸਰਕਾਰ 'ਤੇ ਤਾਲਿਬਾਨ ਦੀ ਹਰ ਸ਼ਰਤ ਮੰਨਣ ਦਾ ਦਬਾਅ ਬਣਾ ਰਹੇ ਹਨ। ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਨਵੰਬਰ ਤੱਕ 5 ਹਜ਼ਾਰ ਤੋਂ ਵੀ ਘੱਟ ਅਮਰੀਕੀ ਫ਼ੌਜੀ ਰਹਿ ਜਾਣਗੇ।
ਛੱਡੇ ਜਾਣ ਵਾਲੇ 400 ਤਾਲਿਬਾਨੀ ਅੱਛਵਾਦੀ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। 2017 ਵਿੱਚ ਜਰਮਨੀ ਦੇ ਦੂਤਾਵਾਸ ਦੇ ਨੇਡੇ ਟਰੱਕ ਧਮਾਕੇ ਦੀ ਵਾਰਦਾਤ ਨੂੰ ਵੀ ਇਨ•ਾਂ ਨੇ ਹੀ ਅੰਜਾਮ ਦਿੱਤਾ ਸੀ। ਇਸ ਵਿੱਚ 150 ਲੋਕ ਮਾਰੇ ਗਏ ਸਨ। ਇਨ•ਾਂ 'ਚ ਕਈ ਅੱਤਵਾਦੀ ਹੱਕਾਨੀ ਨੈਟਵਰਕ ਦੇ ਵੀ ਹਨ, ਜੋ ਤਾਲਿਬਾਨ ਨਾਲ ਮਿਲ ਕੇ ਕੰਮ ਕਰਦੇ ਸਨ। ਸਰਕਾਰ ਦੇ ਇਸ ਫ਼ੈਸਲੇ 'ਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਚਿੰਤਾ ਜਤਾਈ ਹੈ। ਅਫ਼ਗਾਨਿਸਤਾਨ ਦੇ ਨਾਗਰਿਕਾਂ ਵਿੱਚ ਵੀ ਨਾਰਾਜ਼ਗੀ ਹੈ। ਉਨ•ਾਂ ਦਾ ਕਹਿਣਾ ਹੈ ਕਿ ਦਬਾਅ 'ਚ ਲਏ ਗਏ ਫ਼ੈਸਲਿਆਂ ਨਾਲ ਸ਼ਾਂਤੀ ਨਹੀਂ ਆਏਗੀ।  

ਹੋਰ ਖਬਰਾਂ »

ਹਮਦਰਦ ਟੀ.ਵੀ.