ਲੌਕਡਾਊਨ 'ਚ ਚਲੀ ਗਈ ਸੀ ਨੌਕਰੀ, ਗ੍ਰਿਫ਼ਤਾਰੀ ਸਮੇਂ ਨਸ਼ੇ 'ਚ ਸੀ ਹਰਭਜਨ

ਨੋਇਡਾ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਲਖਨਊ 'ਚ ਹਰਭਜਨ ਸਿੰਘ ਨਾਂ ਦੇ ਇੱਕ 33 ਸਾਲਾ ਨੌਜਵਾਨ ਨੇ 112 'ਤੇ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ 'ਤੇ ਪੁਲਿਸ ਕੰਟਰੋਲ ਰੂਮ ਤੁਰੰਤ ਹਰਕਤ 'ਚ ਆਇਆ ਅਤੇ ਲਖਨਊ ਤੋਂ ਇਸ ਦੀ ਜਾਣਕਾਰੀ ਨੋਇਡਾ ਪੁਲਿਸ ਨੂੰ ਦਿੱਤੀ ਗਈ। ਨੋਇਡਾ ਪੁਲਿਸ ਨੇ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਮਾਮੁਰਾ ਤੋਂ ਹਰਭਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਵੇਲੇ ਉਹ ਨਸ਼ੇ ਵਿੱਚ ਸੀ।
ਨੋਇਡਾ ਸੈਂਟਰਲ ਦੇ ਡੀਸੀਪੀ ਹਰੀਸ਼ ਚੰਦਰ ਨੇ ਦੱਸਿਆ ਕਿ ਸੋਮਵਾਰ ਨੂੰ 112 ਨੰਬਰ 'ਤੇ ਫੋਨ ਕਰਕੇ ਇੱਕ ਨੌਜਵਾਨ ਨੇ ਕਿਹਾ ਕਿ ਉਹ ਇੱਕ ਘੰਟੇ 'ਚ ਪ੍ਰਧਾਨ ਮੰਤਰੀ ਨੂੰ ਗੋਲੀਆਂ ਨਾਲ ਭੁੰਨ ਦੇਵੇਗਾ। ਉਸ ਨੇ ਨੋਇਡਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਵੀ ਕੀਤੀ। ਇਸ ਤੋਂ ਬਾਅਦ ਕਾਲ 112 ਦੇ ਲਖਨਊ ਸਥਿਤ ਮੁੱਖ ਦਫ਼ਤਰ ਤੋਂ ਤੁਰੰਤ ਨੋਇਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮੁਰਾ ਤੋਂ ਹਰਭਜਨ ਸਿੰਘ ਨਾਂ ਦੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਡੀਸੀਪੀ ਨੇ ਦੱਸਿਆ ਕਿ ਦੋਸ਼ੀ ਹਰਭਜਨ ਸਿੰਘ ਮੂਲ ਤੌਰ 'ਤੇ ਹਰਿਆਣਾ ਦੇ ਯਮੁਨਾਨਗਰ ਜਗਾਧਰੀ ਦਾ ਵਾਸੀ ਹੈ। ਫਿਲਹਾਲ ਉਹ ਨੋਇਡਾ ਦੇ ਸੈਕਟਰ-66 'ਚ ਆਟਾ ਚੱਕੀ ਦੇ ਨੇੜੇ ਰਹਿ ਰਿਹਾ ਹੈ। ਡੀਸੀਪੀ ਨੇ ਦੱਸਿਆ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਸ ਤਰ•ਾਂ ਦਾ ਫੋਨ ਕਿਉਂ ਕੀਤਾ। ਉਨ•ਾਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੇ ਸਮੇਂ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਸੀ। ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਉਹ ਕਾਲ ਸੈਂਟਰ ਵਿੱਚ ਨੌਕਰੀ ਕਰਦਾ ਸੀ। ਲੌਕਡਾਊਨ ਵਿੱਚ ਉਹ ਨੌਕਰੀ ਤੋਂ ਹੱਥ ਧੋਅ ਬੈਠਾ ਅਤੇ ਉਸ ਦੀ ਪ੍ਰੇਮਿਕਾ ਵੀ ਉਸ ਨੂੰ ਛੱਡ ਕੇ ਚਲੀ ਗਈ। ਡੀਸੀਪੀ ਨੇ ਦੱਸਿਆ ਕਿ ਪੁਲਿਸ ਉਸ ਦੇ ਘਰ ਵੀ ਜਾਏਗੀ ਅਤੇ ਜਾਂਚ-ਪੜਤਾਲ ਕਰੇਗੀ। ਨਾਲ ਹੀ ਉਸ ਦੇ ਮੋਬਾਇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.