ਨਵੀਂ ਦਿੱਲੀ, 12 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਚੁੱਕੀ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾ ਹੈਰਾਨੀ ਭਰੇ ਅੰਕੜੇ ਸਾਹਮਣੇ ਆ ਰਹੇ ਹਨ। ਭਾਰਤ ਵਿੱਚ ਜਿੱਥੇ ਇਸ ਮਹਾਂਮਾਰੀ ਦੇ ਲਗਾਤਾਰ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ, ਉੱਥੇ ਹੁਣ ਮੌਤ ਦੇ ਅੰਕੜੇ ਨੇ ਵੀ ਧੜਕਣ ਤੇਜ਼ ਕਰ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਕੋਰੋਨਾ ਨਾਲ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਭਾਰਤ 'ਚ ਦਰਜ ਕੀਤੇ ਗਏ ਹਨ। ਮੰਗਲਵਾਰ ਭਾਵ 11 ਅਗਸਤ ਨੂੰ ਪੂਰੀ ਦੁਨੀਆ 'ਚੋਂ ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਭਾਰਤ 'ਚ ਹੋਈਆਂ।
ਭਾਰਤ ਵਿੱਚ 11 ਅਗਸਤ ਨੂੰ 871 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦਕਿ ਕੋਰੋਨਾ ਕੇਸਾਂ ਵਿੱਚ ਸਭ ਤੋਂ ਅੱਗੇ ਚੱਲ ਰਹੇ ਅਮਰੀਕਾ 'ਚ 11 ਅਗਸਤ ਨੂੰ 558 ਮੌਤਾਂ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਬ੍ਰਾਜ਼ੀਲ ਵਿੱਚ 11 ਅਗਸਤ ਨੂੰ ਮੌਤਾਂ ਦਾ ਅੰਕੜਾ 572 ਰਿਹਾ। ਭਾਰਤ ਇੱਕ ਦਿਨ 'ਚ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਸਭ ਤੋਂ ਅੱਗੇ ਰਿਹਾ, ਜਿੱਥੇ 11 ਅਗਸਤ ਨੂੰ 53 ਹਜ਼ਾਰ 601 ਨਵੇਂ ਕੇਸ ਮਿਲੇ, ਜਦਕਿ ਅਮਰੀਕਾ ਵਿੱਚ 47 ਹਜ਼ਾਰ 964 ਅਤੇ ਬ੍ਰਾਜ਼ੀਲ ਵਿੱਚ 23 ਹਜ਼ਾਰ 10 ਨਵੇਂ ਮਰੀਜ਼ ਮਿਲੇ।
ਵਿਸ਼ਵ ਸਿਹਤ ਦੇ ਅੰਕੜਿਆਂ ਮੁਤਾਬਕ 4 ਅਗਸਤ ਤੋਂ 11 ਅਗਸਤ ਤੱਕ ਭਾਰਤ ਵਿੱਚ ਦੁਨੀਆ ਦੇ ਬਾਕੀ ਮੁਲਕਾਂ ਨਾਲੋਂ ਸਭ ਤੋਂ ਵੱਧ ਨਵੇਂ ਮਾਮਲੇ ਆਏ। ਅੱਠ ਦਿਨਾਂ ਤੋਂ ਲਗਾਤਾਰ ਦੁਨੀਆ 'ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਭਾਰਤ ਵਿੱਚ ਰਿਪੋਰਟ ਹੋ ਰਹੇ ਹਨ। ਜੇਕਰ ਗੱਲ ਕਰੀਏ 4 ਅਗਸਤ ਦੀ ਤਾਂ ਇਸ ਦਿਨ ਅਮਰੀਕਾ ਵਿੱਚ ਕੋਰੋਨਾ ਦੇ 47 ਹਜ਼ਾਰ 183 ਤੇ ਬ੍ਰਾਜ਼ੀਲ 'ਚ 25 ਹਜ਼ਾਰ 800, ਜਦਕਿ ਭਾਰਤ ਵਿੱਚ ਸਭ ਤੋਂ ਵੱਧ 52 ਹਜ਼ਾਰ 50 ਮਾਮਲੇ ਸਾਹਮਣੇ ਆਏ। ਪੰਜ ਅਗਸਤ ਨੂੰ ਅਮਰੀਕਾ ਵਿੱਚ 499 ਹਜ਼ਾਰ 151, ਬ੍ਰਾਜ਼ੀਲ 'ਚ 16 ਹਜ਼ਾਰ 641 ਅਤੇ ਭਾਰਤ ਵਿੱਚ 52 ਹਜ਼ਾਰ 509 ਨਵੇਂ ਮਰੀਜ਼ ਮਿਲੇ। ਛੇ ਅਗਸਤ ਨੂੰ ਵੀ ਅੰਕੜੇ ਕੁਝ ਅਜਿਹੇ ਹੀ ਰਿਹਾ। ਇਸ ਦਿਨ ਅਮਰੀਕਾ ਵਿੱਚ ਕੋਰੋਨਾ ਦੇ 49 ਹਜ਼ਾਰ 629, ਬ੍ਰਾਜ਼ੀਲ ਵਿੱਚ 51 ਹਜ਼ਾਰ 603 ਅਤੇ ਭਾਰਤ ਵਿੱਚ 56 ਹਜ਼ਾਰ 282 ਨਵੇਂ ਮਰੀਜ਼ ਮਿਲੇ। ਸੱਤ ਅਗਸਤ ਨੂੰ ਅਮਰੀਕਾ ਵਿੱਚ 53 ਹਜ਼ਾਰ 373 ਮਾਮਲੇ, ਬ੍ਰਾਜ਼ੀਲ 'ਚ 57 ਹਜ਼ਾਰ 152 ਅਤੇ  ਭਾਰਤ ਵਿੱਚ 62 ਹਜ਼ਾਰ 538 ਨਵੇਂ ਮਰੀਜ਼ ਮਿਲੇ। ਅੱਠ ਅਗਸਤ ਨੂੰ ਅਮਰੀਕਾ ਵਿੱਚ ਕੋਰੋਨਾ ਦੇ 55 ਹਜ਼ਾਰ 318, ਬ੍ਰਾਜ਼ੀਲ 'ਚ 53 ਹਜ਼ਾਰ 139 ਅਤੇ ਭਾਰਤ ਵਿੱਚ 61 ਹਜ਼ਾਰ 537 ਨਵੇਂ ਮਰੀਜ਼ ਸਾਹਮਣੇ ਆਏ। ਨੌ ਅਗਸਤ ਨੂੰ ਅਮਰੀਕਾ ਵਿੱਚ 61 ਹਜ਼ਾਰ 28, ਬ੍ਰਾਜ਼ੀਲ ਵਿੱਚ 50 ਹਜ਼ਾਰ 230, ਜਦਕਿ ਭਾਰਤ ਵਿੱਚ 64 ਹਜ਼ਾਰ 399 ਨਵੇਂ ਮਾਮਲੇ ਮਿਲੇ। ਦਸ ਅਗਸਤ ਨੂੰ ਅਮਰੀਕਾ ਵਿੱਚ 53 ਹਜ਼ਾਰ 893, ਬ੍ਰਾਜ਼ੀਲ ਵਿੱਚ 49 ਹਜ਼ਾਰ 970 ਅਤੇ ਭਾਰਤ ਵਿੱਚ 62 ਹਜ਼ਾਰ 64 ਕੇਸ ਸਾਹਮਣੇ ਆਏ ਸਨ। ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 23 ਲੱਖ 29 ਹਜ਼ਾਰ ਤੋਂ ਟੱਪ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 53 ਹਜ਼ਾਰ 601 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿੱਚ 871 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.