ਟੋਰਾਂਟੋ, 10 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਮੌਜੂਦਾ ਸਮੇਂ ਪੜ• ਰਹੇ ਅਤੇ ਪੜ• ਚੁੱਕੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਰਾਂਟੋ ਅਤੇ ਮਿਸੀਸਾਗਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਉਹ ਸਰਕਾਰ ਕੋਲੋਂ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਦੀ ਮੰਗ ਕਰਨਗੇ। ਮਾਈਗਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ (ਐਮਡਬਲਯੂਏਸੀ) ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਵਿੱਚ ਬੇਇੰਤਹਾ ਵਾਧਾ ਕੀਤਾ ਗਿਆ ਹੈ, ਜਦਕਿ ਇਸ ਦੌਰ 'ਚ ਬਹੁਤ ਸਾਰੇ ਵਿਦਿਆਰਥੀਆਂ ਅਤੇ ਉਨ•ਾਂ ਦੇ ਪਰਿਵਾਰਾਂ ਦੀ ਨੌਕਰੀ ਤੱਕ ਖੁਸ ਗਈ ਹੈ। ਵਿਦਿਆਰਥੀਆਂ ਦੀਆਂ ਕਲਾਸਾਂ ਵੀ ਆਨਲਾਈਨ ਚੱਲ ਰਹੀਆਂ ਹਨ।
ਉਨ•ਾਂ ਕਿਹਾ ਕਿ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਹਾਸਲ ਕਰਨ ਲਈ ਕੌਮਾਂਤਰੀ ਗਰੈਜੂਏਟਸ ਵਾਸਤੇ ਇਹ ਜ਼ਰੂਰੀ ਹੈ ਕਿ ਉਨ•ਾਂ ਨੇ 12 ਤੋਂ 24 ਮਹੀਨੇ ਲਗਾਤਾਰ ਉੱਚ ਮਜ਼ਦੂਰੀ (ਹਾਈ ਵੇਜ ਵਰਕ) ਵਾਲਾ ਕੰਮ ਕੀਤਾ ਹੋਣਾ ਚਾਹੀਦਾ ਹੈ, ਪਰ ਮੌਜੂਦਾ ਸਮੇਂ ਕੋਵਿਡ-19 ਦੇ ਚਲਦਿਆਂ ਜ਼ਿਆਦਾਤਰ ਵਿਦਿਆਰਥੀਆਂ ਦੀ ਇਨ•ਾਂ ਨੌਕਰੀਆਂ ਤੱਕ ਪਹੁੰਚ ਨਹੀਂ ਬਣ ਸਕੀ ਹੈ। ਜੌਬ ਮਾਰਕਿਟ 'ਤੇ ਕੋਵਿਡ-19 ਦੇ ਮਾੜੇ ਪ੍ਰਭਾਵ ਦੇ ਬਾਵਜੂਦ ਵਰਕ ਪਰਮਿਟ ਰਿਨਿਊ ਕਰਵਾਉਣ ਦੀ ਸ਼ਰਤ ਰੱਖੀ ਗਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਨਜ਼ਦੀਕੀ ਭਵਿੱਖ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਹ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕਣਗੇ। ਹੈਲਥਕੇਅਰ ਤੱਕ ਪਹੁੰਚ ਲਈ ਸਾਬਕਾ ਵਿਦਿਆਰਥੀਆਂ ਲਈ ਫੁੱਲ-ਟਾਈਮ ਜੌਬ ਦੀ ਸ਼ਰਤ ਰੱਖੀ ਗਈ ਹੈ, ਪਰ ਉਨ•ਾਂ ਕੋਲ ਫੁੱਲ-ਟਾਈਮ ਜੌਬ ਨਹੀਂ। ਇਸ ਕਾਰਨ ਉਹ ਇਸ ਸਹੂਲਤ ਤੋਂ ਵੀ ਵਾਂਝੇ ਹਨ।
ਮਾਈਗਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਸੰਗਠਨ ਨੇ ਕਿਹਾ ਕਿ ਮੌਜੂਦਾ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਲਈ ਦੋ ਪਟੀਸ਼ਨਾਂ 'ਤੇ 14 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਹਨ।
ਪ੍ਰਵਾਸੀ ਵਿਦਿਆਰਥੀਆਂ ਨੇ ਫੈਡਰਲ ਅਤੇ ਸੂਬਾਈ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੋਸਟ ਗਰੈਜੂਏਟ ਵਰਕ ਪਰਮਿਟਸ ਨੂੰ ਨਵਿਆਉਣਯੋਗ ਬਣਾਇਆ ਜਾਵੇ ਤਾਂ ਜੋ ਸਾਬਕਾ ਵਿਦਿਆਰਥੀ ਕੋਵਿਡ-19 ਦੌਰਾਨ ਜੌਬ ਮਾਰਕਿਟ ਵਿੱਚ ਪੀਆਰ ਦੀਆਂ ਸ਼ਰਤਾਂ ਨੂੰ ਪੂਰਾ ਕਰ ਸਕਣ। ਪੀ.ਆਰ. ਤੱਕ ਅਸਲੀ ਪਹੁੰਚ ਲਈ ਇਸ ਦੀਆਂ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ। ਸਾਰੇ ਪ੍ਰਵਾਸੀਆਂ ਨੂੰ ਫੁੱਲ ਅਤੇ ਪਰਮਾਨੈਂਟ ਇੰਮੀਗ੍ਰੇਸ਼ਨ ਰੁਤਬਾ ਮੁਹੱਈਆ ਕੀਤਾ ਜਾਵੇ। ਟਿਊਸ਼ਨ ਫੀਸਾਂ ਘਟਾਈਆਂ ਜਾਣ ਅਤੇ ਸਿਹਤ-ਸੰਭਾਲ, ਰਿਹਾਇਸ਼, ਨੌਕਰੀ, ਸਕਾਲਰਸ਼ਿਪ ਤੇ ਐਮਰਜੰਸੀ ਆਮਦਨ ਦੇ ਸਾਧਨਾਂ ਸਣੇ ਸਾਰੀਆਂ ਸੇਵਾਵਾਂ ਤੱਕ ਪਹੁੰਚ ਮੁਹੱਈਆ ਕਰਵਾਈ ਜਾਵੇ। ਪਰਿਵਾਰਾਂ ਨੂੰ ਇਕਜੁੱਟ ਕੀਤਾ ਜਾਵੇ ਅਤੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਯਕੀਨੀ ਬਣਾਇਆ ਜਾਵੇ।
ਐਮਡਬਲਯੂਏਸੀ ਸੰਗਠਨ ਨੇ ਕਿਹਾ ਕਿ ਇਨ•ਾਂ ਮੰਗਾਂ ਨੂੰ ਲੈ ਕੇ ਕੌਮਾਂਤਰੀ ਵਿਦਿਆਰਥੀ 12 ਸਤੰਬਰ ਨੂੰ ਟੋਰਾਂਟੋ 'ਚ 344 ਬਲੋਰ ਸਟਰੀਟ ਵੈਸਟ ਵਿਖੇ ਸਥਿਤ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ 13 ਸਤੰਬਰ ਨੂੰ ਮਿਸੀਸਾਗਾ ਦੇ ਵੈਸਟਵੁੱਡ ਸਕੁਏਅਰ ਮੌਲ, 7205 ਗੋਰਵੇਅ ਡਰਾਈਵ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ 2019 ਵਿੱਚ 5 ਲੱਖ 72 ਹਜ਼ਾਰ ਸਟੱਡੀ ਪਰਮਿਟ ਅਤੇ 98 ਹਜ਼ਾਰ 470 ਪੋਸਟ ਗਰੈਜੂਏਟ ਵਰਕ ਪਰਮਿਟ ਜਾਰੀ ਕੀਤੇ ਗਏ ਸਨ। ਇਨ•ਾਂ ਵਿੱਚੋਂ ਬਹੁਤ ਸਾਰੇ ਪਰਮਿਟ ਧਾਰਕ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.