14 ਹਜ਼ਾਰ ਕਰਮਚਾਰੀ ਤੇ 60 ਹੈਲੀਕਾਪਟਰ ਅੱਗ ਬੁਝਾਉਣ 'ਚ ਲੱਗੇ
ਵਾਸ਼ਿੰਗਟਨ, 11 ਸਤੰਬਰ, ਹ.ਬ. : ਅਮਰੀਕਾ ਦੇ ਪੱਛਮੀ ਹਿੱਸੇ ਵਿਚ ਜੰਗਲ ਦੀ ਅੱਗ ਬੇਹੱਦ ਖਤਰਨਾਕ ਹੋ ਗਈ। ਇੱਕ ਬੱਚੇ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ। ਓਰੇਗਨ ਅਤੇ ਕੈਲੀਫੋਰਨੀਆ ਵਿਚ ਇਸ ਦਾ ਅਸਰ ਜ਼ਿਆਦਾ ਹੈ। ਓਰੇਗਨ ਵਿਚ ਕਾਰ ਰਾਹੀਂ ਸਫਰ ਕਰ ਰਹੇ ਲੋਕ ਇਸ ਦੀ ਲਪੇਟ ਵਿਚ ਆ ਗਏ। ਤੇਜ਼ ਹਵਾ ਦੇ ਕਾਰਨ ਅੱਗ ਉਨ੍ਹਾਂ ਤੱਕ ਐਨੀ ਤੇਜ਼ੀ ਨਾਲ ਪੁੱਜੀ ਕਿ ਉਨ੍ਹਾਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਓਰੇਗਨ ਵਿਚ ਕਮਿਊਨਿਕੇਸ਼ਨ ਨੈਟਵਰਕ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਗਵਰਨਰ ਕੇਟ ਬਰਾਊਨ ਨੇ ਕਿਹਾ ਕਿ ਇਸ ਰਾਜ ਦੇ ਇਤਿਹਾਸ ਵਿਚ ਹੁਣ ਤੱਕ ਐਨੀ ਭਿਆਨਕ ਅੱਗ ਨਹੀਂ ਲੱਗੀ। ਆਸਮਾਨ ਦਾ ਰੰਗ ਲਾਲ ਹੋ ਚੁੱਕਾ ਹੈ।
ਓਕਾਨਗਨ ਕਾਊਂਟੀ ਵਿਚ ਇੱਕ ਬੱਚੇ ਦੀ ਮੌਤ ਹੋਈ, ਉਹ ਮਾਪਿਆਂ ਦੇ ਨਾਲ ਕਾਰ ਵਿਚ ਸੀ। ਮਾਪੇ ਵੀ ਗੰਭੀਰ ਹਾਲਤ ਵਿਚ ਹਨ। ਬੁਟੇ ਕਾਊਂਟੀ ਵਿਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਇਹ ਲੋਕ ਇੱਕ ਘਰ ਵਿਚ ਸੁੱਤੇ ਪਏ ਸੀ। ਕੈਲੀਫੋਰਨੀਆ ਦੇ ਇਕੱਲੇ ਬੂਟੇ ਕਾਊਂਟੀ ਵਿਚ ਹੀ 4200 ਘਰ ਸੜ ਕੇ ਸੁਆਹ ਹੋ ਗਏ। ਇੱਥੇ ਹੈਲੀਕਾਪਟਰਾਂ ਰਾਹੀਂ  ਨਦੀ ਦਾ ਪਾਣੀ ਲੈ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਬਹੁਤ ਘੱਟ ਕਾਮਯਾਬੀ ਮਿਲ ਸਕੀ ਹੈ।
ਓਰੇਗਨ ਦੇ ਅਲਮੋਡਾ ਖੇਤਰ ਵਿਚ ਅੱਗ ਬੇਹੱਦ ਖਤਰਨਾਕ ਹੈ। 3 ਹਜ਼ਾਰ ਏਕੜ ਵਿਚ ਸਿਰਫ ਤਬਾਹੀ ਹੈ। ਕਾਮਯਾਬੀ ਕੁਝ ਵੀ ਨਹੀਂ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮ ਨੇ ਓਰੇਗਨ ਵਿਚ ਹਾਲਾਤ ਨੂੰ ਲੈ ਕੇ ਇੱਕ ਟਵੀਟ ਕੀਤਾ। ਇਸ ਵਿਚ ਤਸਵੀਰਾਂ ਵੀ ਸਨ। ਸੂਬੇ ਵਿਚ 4 ਲੱਖ 76 ਹਜ਼ਾਰ 994 ਏਕੜ ਖੇਤਰ ਹੁਣ ਤੱਕ ਲਪਟਾਂ ਦੀ ਲਪੇਟ ਵਿਚ ਆ ਚੁੱਕਾ ਹੈ।
ਸੂਬੇ ਅਤੇ ਕੇਂਦਰ ਸਰਕਾਰ ਨੇ ਅੱਗ ਨੂੰ ਰੋਕਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਲੇਕਿਨ ਤੇਜ਼ ਹਵਾਵਾਂ ਦੇ ਸਾਹਮਣੇ ਬੇਵੱਸ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.