ਪੀਲ ਪੁਲਿਸ ਕਰ ਰਹੀ ਹੈ ਚਾਰ ਸ਼ੱਕੀਆਂ ਦੀ ਭਾਲ

ਬਰੈਂਪਟਨ, 11 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਵਿਚ ਵੀਰਵਾਰ ਸ਼ਾਮ ਚਾਰ ਜਣੇ ਬੰਦੂਕ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੌਰਾਨ ਨਕਾਬਪੋਸ਼ ਲੁਟੇਰਿਆਂ ਨੇ ਕਾਰ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸੈਂਡਲਵੁੱਡ ਪਾਰਕਵੇਅ ਨੇੜੇ ਫ਼ੇਅਰਹਿਲ ਐਵੇਨਿਊ ਅਤੇ ਚਿੰਗੂਕੋਜ਼ੀ ਰੋਡ 'ਤੇ ਚਾਰ ਜਣਿਆਂ ਨੇ ਸਫ਼ੈਦ ਰੰਗ ਦੀ ਹੌਂਡਾ ਸਿਵਿਕ ਕਾਰ ਖੋਹੀ। ਸ਼ੁਰੂਆਤ ਵਿਚ ਪੁਲਿਸ ਨੇ ਕਿਹਾ ਸੀ ਕਿ ਘਟਨਾ ਦੌਰਾਨ ਡਰਾਈਵਰ ਜ਼ਖ਼ਮੀ ਨਹੀਂ ਹੋਇਆ ਪਰ ਬਾਅਦ ਵਿਚ ਕੁੱਟਮਾਰ ਹੋਣ ਦਾ ਜ਼ਿਕਰ ਵੀ ਕੀਤਾ ਗਿਆ। ਪੁਲਿਸ ਵੱਲੋਂ ਗੂੜ੍ਹੇ ਰੰਗ ਦੇ ਕੱਪੜਿਆਂ ਵਾਲੇ ਚਾਰ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਪੀਲ ਪੁਲਿਸ ਦੇ ਸੈਂਟਰਲ ਰੌਬਰੀ ਬਿਊਰੋ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.