ਵਾਸ਼ਿੰਗਟਨ, 12 ਸਤੰਬਰ, ਹ.ਬ. : ਭਾਰਤੀ ਮੂਲ ਦੇ ਇਕ ਅਮਰੀਕੀ ਸਮੇਤ ਕਈ ਹੋਰ ਖੋਜੀਆਂ ਦਾ ਮੰਨਣਾ ਹੈ ਕਿ ਸਖ਼ਤ ਸਰੀਰਕ ਦੂਰੀ ਦਾ ਪਾਲਣ ਕਰਨ ਨਾਲ ਕੋਰੋਨਾ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਜਰਨਲ ਕਲੀਨਿਕਲ ਇੰਫੈਕਸ਼ਨਜ਼ ਡਿਜ਼ੀਜ਼ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਦੇ ਸਮੇਂ ਅਤੇ ਪੂਜਾ ਸਥਾਨਾਂ 'ਤੇ ਜਾਣ ਦੌਰਾਨ ਕੋਰੋਨਾ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਮਰੀਕਾ ਸਥਿਤ ਜੋਹਨ ਹਾਪਕਿਨਜ਼ ਯੂਨੀਵਰਸਿਟੀ ਨਾਲ ਜੁੜੇ ਅਤੇ ਖੋਜ ਦੇ ਪ੍ਰਮੁੱਖ ਲੇਖਕ ਸੁਨੀਲ ਸੋਲੋਮਨ ਨੇ ਕਿਹਾ ਕਿ ਸਾਡਾ ਅਧਿਐਨ ਇਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਜੇ ਤੁਸੀਂ ਬਾਹਰ ਜਾ ਰਹੇ ਹੋ ਤਾਂ ਜਿੱਥੋਂ ਤਕ ਸੰਭਵ ਹੋਵੇ ਸਖ਼ਤ ਸਰੀਰਕ ਦੂਰੀ ਦਾ ਪਾਲਣ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਕੋਰੋਨਾ ਇਨਫੈਕਸ਼ਨ ਹੋਣ ਦਾ ਖ਼ਤਰਾ ਨਾਂਹ ਦੇ ਬਰਾਬਰ ਰਹਿ ਜਾਵੇਗਾ। ਖੋਜੀਆਂ ਨੇ ਆਪਣੇ ਅਧਿਐਨ ਦੌਰਾਨ ਮੈਰੀਲੈਂਡ ਸੂਬੇ ਦੇ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਨਾ ਕੇਵਲ ਰੈਂਡਮ ਨਮੂਨੇ ਲਏ ਸਗੋਂ ਉਨ੍ਹਾਂ ਤੋਂ ਸਰੀਰਕ ਦੂਰੀ ਦਾ ਪਾਲਣ ਕਰਨ, ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਸਮੇਤ ਕੋਰੋਨਾ ਸਬੰਧੀ ਬਿਮਾਰੀ ਦੇ ਬਾਰੇ ਵਿਚ ਵੀ ਸਵਾਲ ਕੀਤੇ। ਅਧਿਐਨ ਦੌਰਾਨ ਖੋਜੀਆਂ ਨੂੰ ਪਤਾ ਚੱਲਿਆ ਕਿ ਵਾਰ-ਵਾਰ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਸੀ। ਹਾਲਾਂਕਿ ਜਿਨ੍ਹਾਂ ਲੋਕਾਂ ਨੇ ਇਸ ਦੌਰਾਨ ਸਖ਼ਤ ਸਰੀਰਕ ਦੂਰੀ ਦਾ ਪਾਲਣ ਕੀਤਾ ਸੀ। ਉਨ੍ਹਾਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਸਿਰਫ਼ 10 ਫ਼ੀਸਦੀ ਸੀ। ਅਧਿਐਨ ਵਿਚ ਸ਼ਾਮਲ ਕੀਤੇ ਗਏ 1,030 ਲੋਕਾਂ ਵਿੱਚੋਂ 55 (5.3 ਫ਼ੀਸਦੀ) ਨੂੰ ਕਿਸੇ ਵੀ ਸਮੇਂ ਕੋਰੋਨਾ ਹੋਇਆ ਸੀ ਜਦਕਿ 18 (1.7 ਫ਼ੀਸਦੀ) ਲੋਕ ਸਰਵੇਖਣ ਤੋਂ ਦੋ ਹਫ਼ਤੇ ਪਹਿਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.