ਇਸਲਾਮਾਬਾਦ, 15 ਸਤੰਬਰ, ਹ.ਬ. : ਪਾਕਿਸਤਾਨ ਵਿਚ ਸੂਬਾਈ ਵਿਧਾਨ ਸਭਾ ਦੀ ਮੈਂਬਰ ਆਬਿਦਾ ਰਜ਼ਾ ਦੇ ਪਤੀ ਤੇ ਇਕ ਸੈਸ਼ਨ ਜੱਜ ਵਿਚਕਾਰ ਇਸਲਾਮਾਬਾਦ ਦੇ ਰੈੱਡ ਜ਼ੋਨ ਵਿਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਜੱਜ ਤਾਰਿਕ ਜਹਾਂਗੀਰ ਵੱਲੋਂ ਕਥਿਤ ਤੌਰ 'ਤੇ ਦੂਜੇ ਪੱਖ 'ਤੇ ਫਾਇਰਿੰਗ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਬਿਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਤੋਂ ਵਿਧਾਇਕ ਹੈ। ਸਥਾਨਕ ਮੀਡੀਆ  ਨੂੰ ਮਿਲੇ ਸੀਸੀਟੀਵੀ ਫੁਟੇਜ ਮੁਤਾਬਕ ਇਹ ਘਟਨਾ ਇਸਲਾਮਾਬਾਦ ਦੇ ਰੈਡ ਜ਼ੋਨ ਵਿਚ ਵਿਦੇਸ਼ ਵਿਭਾਗ ਦੇ ਦਫ਼ਤਰ ਦੇ ਸਾਹਮਣੇ ਸਥਿਤ ਪੈਟਰੋਲ ਪੰਪ 'ਤੇ ਹੋਈ। ਫੁਟੇਜ ਵਿਚ ਦਿਖਾਈ ਦਿੰਦਾ ਹੈ ਕਿ ਇਕ ਵਿਅਕਤੀ ਪੈਟਰੋਲ ਪੰਪ 'ਤੇ ਲੈਂਡ ਕਰੂਜ਼ਰ ਨਾਲ ਆਉਂਦਾ ਹੈ ਅਤੇ ਪੈਟਰੋਲ ਪੁਆਉਣ ਆਈ ਦੂਜੀ ਕਾਰ ਵਿਚ ਬੈਠੇ ਵਿਅਕਤੀ 'ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰ ਦਿੰਦਾ ਹੈ। ਇਸ ਦੌਰਾਨ ਦੂਜੀ ਕਾਰ ਵਿਚ ਬੈਠਾ ਵਿਅਕਤੀ ਗੋਲੀ ਚਲਾ ਦਿੰਦਾ ਹੈ। ਬਾਅਦ ਵਿਚ ਪੁਲਿਸ ਆਉਂਦੀ ਹੈ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲੈ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.