ਗੋਇੰਦਵਾਲ ਸਾਹਿਬ, 16 ਸਤੰਬਰ, ਹ.ਬ. : ਗੋਇੰਦਵਾਲ ਸਾਹਿਬ ਦੇ ਪਿੰਡ ਮੁੰਡਾਪਿੰਡ ਵਿਚ ਸੋਮਵਾਰ ਰਾਤ 9 ਵਜੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਨਸ਼ੇ ਵਿਚ ਟੱਲੀ ਸਾਲੇ ਨੇ ਚਾਕੂ ਨਾਲ ਅਪਣੇ ਹੀ ਸਕੇ ਜੀਜਾ ਦਾ ਕਤਲ ਕਰ ਦਿੱਤਾ।  ਮੁੰਡਾ ਪਿੰਡ 'ਚ ਸੋਮਵਾਰ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਾਲੇ ਨੇ ਆਪਣੇ ਹੀ ਜੀਜੇ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਕਾਰਾ ਉਸ ਨੇ ਜੀਜੇ ਦੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦੇ ਸ਼ੱਕ ਵਿਚ ਕੀਤਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਭੈਣ ਦਾ ਘਰ ਉਜਾੜਣ ਵਾਲੇ ਭਰਾ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਸ਼ਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਮੁਹੰਮਦ ਅਲੀ ਖਾਂ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਵਿਆਹ ਮੁੰਡਾਪਿੰਡ ਦੇ ਹਰਜੀਤ ਸਿੰਘ ਦੀ ਲੜਕੀ ਪਲਵਿੰਦਰ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਇਕ ਬੱਚਾ ਵੀ ਹੈ। ਆਪਣੀ ਸੱਸ ਅਤੇ ਪਤਨੀ ਦੇ ਕਹਿਣ 'ਤੇ ਉਸਦਾ ਲੜਕਾ ਕਾਫੀ ਸਮੇਂ ਤੋਂ ਮੁੰਡਾਪਿੰਡ ਸਹੁਰੇ ਘਰ ਹੀ ਰਹਿ ਰਿਹਾ ਸੀ। ਜਦੋਂਕਿ ਉਸ ਦਾ ਸਾਲਾ ਸੁਰਜੀਤ ਸਿੰਘ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਹਰਪ੍ਰੀਤ ਸਿੰਘ ਦੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਸੋਮਵਾਰ ਦੇਰ ਰਾਤ ਨੂੰ ਸੁਰਜੀਤ ਸਿੰਘ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਅਤੇ ਉਸ ਦੇ ਲੜਕੇ ਹਰਪ੍ਰੀਤ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸ਼ਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਮਿਲਣ ਲਈ ਮੁੰਡਾਪਿੰਡ ਆਈ ਹੋਈ ਸੀ ਅਤੇ ਇਹ ਸਭ ਉਸ ਦੇ ਸਾਹਮਣੇ ਵਾਪਰਿਆ। ਜਦੋਂ ਉਸਨੇ ਰੌਲਾ ਪਾਇਆ ਤਾਂ ਸੁਰਜੀਤ ਸਿੰਘ ਚਾਕੂ ਸਮੇਤ ਫਰਾਰ ਹੋ ਗਿਆ। ਮੌਕੇ 'ਤੇ ਪਹੁੰਚੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.