ਪਤਨੀ ਨੂੰ ਕੈਨੇਡਾ ਭੇਜਣ 'ਤੇ ਸਹੁਰਿਆਂ ਨੇ ਖ਼ਰਚੇ ਲੱਖਾਂ ਰੁਪਏ
ਜਗਰਾਉਂ, 16 ਸਤੰਬਰ, ਹ.ਬ. : ਪਿੰਡ ਕਮਾਲਪੁਰਾ ਦੇ ਨੌਜਵਾਨ ਨੇ ਕੈਨੇਡਾ ਦੀ ਚਾਹਤ ਵਿਚ ਪਟਿਆਲਾ ਦੇ ਪਿੰਡ ਘੱਗਾ ਰੋਡ ਸਮਾਣਾ ਦੀ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਾਇਆ। ਉਸ ਨੂੰ ਕੈਨੇਡਾ ਭੇਜਣ ਦੇ ਲਈ ਕਾਲਜ ਫ਼ੀਸ, ਸ਼ਾਪਿੰਗ ਅਤੇ ਟਿਕਟਾਂ ਤੱਕ ਖਰੀਦ ਕੇ ਭੇਜਿਆ। ਇਸ 'ਤੇ ਨੌਜਵਾਨ ਦੇ ਪਿਤਾ ਨੇ ਕਰੀਬ 25.70 ਲੱਖ ਖ਼ਰਚ ਕਰ ਦਿੱਤੇ। ਪ੍ਰੰਤੂ ਪਤਨੀ ਨੇ ਕੈਨੇਡਾ ਪੁੱਜਦੇ ਹੀ ਪਤੀ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ।
ਪੁਲਿਸ ਜਾਂਚ ਤੋਂ ਬਾਅਦ ਬੇਟੇ ਦੀ ਪਤਨੀ, ਸੱਸ, ਸਹੁਰਾ ਅਤੇ ਸਾਲੇ 'ਤੇ ਧੋਖਾਧੜੀ ਦਾ ਕੇਸ ਥਾਣਾ ਹਠੂਰ ਵਿਚ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ  ਨੌਜਵਾਨ ਦੀ ਪਤਨੀ ਬਬਨੀਤ ਕੌਰ, ਸਹੁਰਾ ਕੁਲਦੀਪ ਸਿੰਘ, ਸੱਸ ਹਰਵਿੰਦਰ ਕੌਰ, ਸਾਲਾ ਜਸਵੀਰ ਸਿੰਘ ਨਿਵਾਸੀ ਘੱਗਾ ਰੋਡ ਸਮਾਣਾ ਪਟਿਆਲਾ ਦੇ ਤੌਰ 'ਤੇ ਹੋਈ। ਫਿਲਹਾਲ ਚਾਰੇ ਮੁਲਜ਼ਮ ਫਰਾਰ ਹਨ।
ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਮਾਲਪੁਰਾ ਦੇ ਸਿਕੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਬੇਟੇ ਕਮਲਪ੍ਰੀਤ ਸਿੰਘ ਦਾ ਵਿਆਹ ਡੇਢ ਸਾਲ ਪਹਿਲਾਂ ਬਬਨੀਤ ਕੌਰ ਨਾਲ  ਹੋÎਇਆ ਸੀ। ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਧੀ 12ਵੀਂ ਪਾਸ ਹੈ ਅਤੇ ਆਈਲੈਟਸ ਵਿਚ 7 ਬੈਂਡ ਹਨ। ਉਨ੍ਹਾਂ ਦੀ ਧੀ ਅੱਗੇ ਪੜ੍ਹਾਈ ਨੂੰ ਕੈਨੇਡਾ ਜਾਣਾ ਚਾਹੁੰਦੀ ਹੈ। ਇਸ ਦੌਰਾਨ ਦੋਵੇਂ ਪਰਵਾਰਾਂ ਵਿਚ ਤੈਅ ਹੋਇਆ ਕਿ ਲੜਕੀ ਦਾ ਕੈਨੇਡਾ ਵਿਚ ਪੜ੍ਹਾਈ ਦਾ ਖ਼ਰਚਾ  ਮੁੰਡੇ ਵਾਲੇ ਹੀ ਕਰਨਗੇ। ਦੋਵਾਂ ਦਾ ਵਿਆਹ ਹੋ ਗਿਆ। ਪ੍ਰੰਤੂ ਵਿਆਹ ਦੇ ਅਗਲੇ ਹੀ ਦਿਨ ਲੜਕੀ ਪੇਕੇ ਚਲੀ ਗਈ। ਉਸ ਦੇ ਕਰੀਬ ਦੋ ਮਹੀਨੇ ਬਾਅਦ ਹੀ 22 ਅਗਸਤ 2019  ਨੂੰ ਮੁਲਜ਼ਮ ਪਤਨੀ ਬਬਨੀਤ ਕੌਰ ਕੈਨੇਡਾ ਚਲੀ ਗਈ।
ਸਿਕੰਦਰ ਸਿੰਘ ਨੇ ਦੱਸਿਆ ਕਿ ਨੂੰਹ ਦੇ ਕੈਨੇਡਾ ਜਾਣ ਦਾ ਪੂਰਾ ਖ਼ਰਚਾ ਉਨ੍ਹਾਂ ਨੇ ਖੁਦ ਕੀਤਾ। ਐਨਾ ਹੀ ਨਹੀਂ ਜਦ ਵੀ ਕੁੜੀ ਵਾਲੇ ਫੀਸ ਦੇ ਨਾਂ 'ਤੇ ਪੈਸਿਆਂ ਦੀ ਮੰਗ ਕਰਦੇ ਉਹ ਬੈਂਕ ਜ਼ਰੀਏ ਭੇਜਦੇ। ਫੀਸ ਦਾ ਉਨ੍ਹਾਂ ਦਾ ਪੂਰਾ ਖ਼ਰਚਾ 25 ਲੱਖ 70 ਹਜ਼ਾਰ ਰੁਪਏ ਲੱਗ ਗਿਆ।
ਉਨ੍ਹਾਂ ਦੱਸਿਆ ਕਿ ਜਦ ਲੜਕੀ ਕੈਨੇਡਾ ਪੁੱਜ ਗਈ ਤਾਂ ਉਨ੍ਹਾਂ ਬੁਲਾਉਣ ਲਈ ਫਾਈਲ ਅਪਲਾਈ ਕਰਨੀ ਤਾਂ ਦੂਰ ਲੜਕੀ ਨੇ ਤਾਂ ਉਨ੍ਹਾਂ ਫੋਨ ਕਰਨਾ ਵੀ ਬੰਦ ਕਰ ਦਿੱਤਾ।  ਜਾਂਚ ਵਿਚ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋ ਬਾਅਦ ਪਿਓ-ਧੀ, ਮਾਂ-ਪੁੱਤ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਚਾਰੋਂ ਮੁਲਜ਼ਮ ਫਰਾਰ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.