ਲੋਕਾਂ ਨੂੰ ਸਾਹ ਲੈਣ 'ਚ ਆਉਣ ਲੱਗੀ ਮੁਸ਼ਕਲ

ਲਾਸ ਏਂਜਲਸ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਓਰੈਗਨ, ਵਾਸ਼ਿੰਗਟਨ ਅਤੇ ਕੈਲੀਫੋਰਨੀਆ ਦੇ ਲੋਕ ਪੱਛਮੀ ਤੱਟ ਖੇਤਰ ਵਿੱਚ ਜੰਗਲਾਂ 'ਚ ਲੱਗੀ ਅੱਞ ਕਾਰਨ ਚੱਲ ਰਹੀ ਖਰਾਬ ਹਵਾ ਵਿੱਚ ਸਾਹ ਲੈਣ ਨੂੰ ਮਜਬੂਰ ਹਨ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਹਿਲਾਂ ਹੀ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਲੋਕ ਜੋ ਕਦੇ-ਕਦਾਰ ਸੈਰ 'ਤੇ ਚਲੇ ਜਾਂਦੇ ਸਨ, ਹੁਣ ਪ੍ਰਦੂਸ਼ਿਤ ਹਵਾ ਕਾਰਨ ਬਾਹਰ ਨਿਕਲਣ ਤੋਂ ਕੰਨੀਂ ਕਤਰਾ ਰਹੇ ਹਨ। ਲਗਭਗ ਇੱਕ ਹਫਤਾ ਜਾਂ ਉਸ ਤੋਂ ਵੀ ਲੰਬਾ ਸਮਾਂ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਬਣੀ ਹੋਈ ਹੈ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਚੁਭਣ ਵਾਲੀ ਤਿੱਖੀ ਪੀਲੀ-ਹਰੀ ਹਵਾ ਕਈ ਦਿਨ ਜਾਂ ਹਫ਼ਤਿਆਂ ਤੱਕ ਚਲਦੀ ਰਹੇਗੀ। ਜੰਗਲਾਂ ਵਿੱਚ ਲੱਗੀ ਅੱਗ ਫ਼ੈਲਦੀ ਜਾ ਰਹੀ ਹੈ ਅਤੇ ਇਹ ਹੋਰ ਤਬਾਹੀ ਮਚਾਉਣ ਵਾਲੀ ਹੈ। ਓਰੈਗਨ ਦੇ ਵਾਤਾਵਰਣ ਗੁਣਵੱਤਾ ਸਬੰਧੀ ਵਿਭਾਗ ਦੇ ਅਨੁਸਾਰ 301 ਤੋਂ 500 ਦੇ ਵਿਚਕਾਰ ਹਵਾ ਗੁਣਵੱਤਾ ਸੂਚਕ ਅੰਕ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਓਰੈਗਨ ਦੇ ਕਈ ਸ਼ਹਿਰਾਂ ਵਿੱਚ ਇਹ 500 ਤੋਂ ਵੀ ਵੱਧ ਹੈ, ਜੋ ਸੂਚਕ ਅੰਕ ਦੇ ਪੱਧਰ ਤੋਂ ਬਾਹਰ ਹੈ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ, ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਸਿਹਤ ਅਧਿਕਾਰੀ ਸਰਾਹ ਪ੍ਰੇਜੈਂਟ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਉਸ ਨੂੰ ਮਾਪਿਆ ਨਹੀਂ ਜਾ ਸਕਦਾ। ਉੱਤਰ ਕੈਲੀਫੋਰਨੀਆ ਦੇ ਮੌਸਮ ਵਿਗਿਆਨੀ ਡੇਨ ਬ੍ਰੋਸਮ ਨੇ ਦੱਸਿਆ ਕਿ ਖਰਾਬ ਹਵਾ ਨਾਲ ਅਕਤੂਬਰ ਤੱਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.