ਜੋਧਪੁਰ, 18 ਸਤੰਬਰ, ਹ.ਬ. : ਸੁਪਰ ਸਟਾਰ ਸਲਮਾਨ ਖਾਨ ਹਾਲੇ ਬਿੱਗ ਬੌਸ ਦੀ ਤਿਆਰੀ ਕਰ ਰਹੇ ਹਨ, ਪਰ ਇਕ ਪੁਰਾਣਾ ਕੋਰਟ ਕੇਸ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਇਹ ਹੈ ਰਾਜਸਥਾਨ ਦਾ ਕਾਲਾ ਹਿਰਨ ਸ਼ਿਕਾਰ ਮਾਮਲਾ। ਇਸ ਕੇਸ ਵਿਚ ਸੁਣਵਾਈ ਚੱਲ ਰਹੀ ਹੈ ਅਤੇ ਜੋਧਪੁਰ ਦੀ ਕੋਰਟ ਨੇ 28 ਸਤੰਬਰ ਨੂੰ ਫਿਰ ਪੇਸ਼ ਹੋਣ ਲਈ ਕਿਹਾ ਹੈ। ਇਹ 22 ਸਾਲ ਪੁਰਾਣਾ ਕੇਸ ਹੈ, ਜਿਸ ਵਿਚ ਸਲਮਾਨ ਖ਼ਾਨ 'ਤੇ ਹਿਰਨ ਦਾ ਸ਼ਿਕਾਰ ਕਰਨ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਹੈ। ਇਸ ਨਾਲ ਜੁੜੇ ਇਕ ਕੇਸ ਵਿਚ ਸਲਮਾਨ ਬਰੀ ਹੋ ਚੁੱਕੇ ਹਨ। ਇਹ ਪੂਰਾ ਮਾਮਲਾ ਫਿਲਮ 'ਹਮ ਸਾਥ-ਸਾਥ ਹੈ' ਦੀ ਸ਼ੂਟਿੰਗ ਦੌਰਾਨ ਦਾ ਹੈ। ਸਲਮਾਨ ਖਾਨ ਦੇ ਨਾਲ ਸੈਫ ਅਲੀ ਖ਼ਾਨ, ਸੋਨਾਲੀ ਬਿੰਦਰੇ, ਤੱਬੂ ਅਤੇ ਨੀਲਮ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਮਾਮਲੇ ਵਿਚ ਸਲਮਾਨ ਹੀ ਦੋਸ਼ੀ ਠਹਿਰਾਏ ਗਏ ਸੀ। ਬਾਕੀ ਸਿਤਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਸੀ। 5 ਅਪ੍ਰੈਲ 2018 ਨੂੰ ਹੇਠਲੀ ਅਦਾਲਤ ਨੇ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਸੀ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ। ਸਲਮਾਨ ਖ਼ਿਲਾਫ਼ ਹਾਲੇ ਜਿਸ ਕੇਸ ਦੀ ਗੱਲ ਹੋ ਰਹੀ ਹੈ ਉਹ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਚੱਲ ਰਿਹਾ ਹੈ। ਬੀਤੇ ਸੋਮਵਾਰ ਨੂੰ ਸੁਣਵਾਈ  ਪੂਰੀ ਨਹੀਂ ਹੋ ਸਕੀ ਅਤੇ ਜੱਜ ਨੇ ਸਲਮਾਨ ਖਾਨ ਨੂੰ ਵੀ ਪੇਸ਼ ਹੋਣ ਲਈ ਕਿਹਾ। ਸਲਮਾਨ ਖਾਨ ਦੇ ਵਕੀਲਾਂ ਨੇ ਅਦਾਕਾਰ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ, ਜਿਸਨੂੰ ਜੱਜ ਰਾਘਵਿੰਦਰ  ਨੇ ਖਾਰਜ ਕਰ ਦਿੱਤਾ। ਜੱਜ ਨੇ ਸਲਮਾਨ ਖਾਨ ਦੇ ਵਕੀਲਾਂ ਦੇ ਵਿਵਹਾਰ 'ਤੇ ਨਾਰਾਜ਼ਗੀ ਵੀ ਪ੍ਰਗਟਾਈ ਹੈ। ਪੂਰੇ ਮਾਮਲੇ ਵਿਚ ਰਾਜਸਥਾਨ ਸਰਕਾਰ ਵੀ ਪਾਰਟੀ ਹੈ। ਦੇਖਣਾ ਇਹ ਹੋਵੇਗਾ ਕਿ ਸਲਮਾਨ ਖ਼ਾਨ ਦੀ ਇਸ ਪੇਸ਼ੀ ਨਾਲ ਕੀ ਬਿੱਗ ਬੌਸ ਦੀ ਉਨ੍ਹਾਂ ਦੀ ਸ਼ੂਟਿੰਗ 'ਤੇ ਕੋਈ ਅਸਰ ਪੈਂਦਾ ਹੈ ਜਾਂ ਨਹੀਂ?

ਹੋਰ ਖਬਰਾਂ »

ਹਮਦਰਦ ਟੀ.ਵੀ.