ਵਿਰੋਧੀ ਧਿਰ ਦੇ ਨੇਤਾ ਕਰ ਰਹੇ ਨੇ ਪਾਬੰਦੀ ਦੀ ਮੰਗ

ਟੋਰਾਂਟੋ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਚੀਨ ਦੀ ਟੈਕਨਾਲੋਜੀ ਕੰਪਨੀ ਹੁਬਈ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਹੁਬਈ ਇੱਥੇ 5ਜੀ ਨੈਟਵਰਕ ਸਥਾਪਤ ਕਰਨ ਲਈ ਕਾਂਟਰੈਕਟ ਹਾਸਲ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਸ ਨੇ ਪਹਿਲੀ ਵਾਰ ਕਾਨੂੰਨੀ ਤੌਰ 'ਤੇ ਵਾਅਦਾ ਕੀਤਾ ਹੈ ਕਿ ਉਸ ਦੇ ਨੈਟਵਰਕ ਜਾਂ ਉਪਕਰਨਾਂ ਦੀ ਵਰਤੋਂ ਜਾਸੂਸੀ ਜਾਂ ਕਿਸੇ ਗ਼ੈਰ-ਕਾਨੂੰਨੀ ਕੰਮ ਵਿੱਚ ਨਹੀਂ ਕੀਤੀ ਜਾਵੇਗੀ। ਕੈਨੇਡਾ ਦੀਆਂ ਵਿਰੋਧੀ ਪਾਰਟੀਆਂ ਹੁਬਈ ਦੇ ਇਸ ਵਾਅਦੇ ਨੂੰ ਬਿਨਾ ਕੋਈ ਤਵੱਜੋ ਦਿੱਤੇ ਇਸ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੀਆਂ ਹਨ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਬਣੇ ਆਗੂ ਐਰਿਨ ਓਟੂਲ ਨੇ ਕਿਹਾ ਕਿ ਜੇਕਰ ਉਨ•ਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਉਹ ਇਸ ਚੀਨੀ ਕੰਪਨੀ 'ਤੇ ਤੁਰੰਤ ਪਾਬੰਦੀ ਲਾ ਦੇਣਗੇ।
'ਗਲੋਬ ਐਂਡ ਮੇਲ' ਦੀ ਇੱਕ ਰਿਪੋਰਟ ਮੁਤਾਬਕ ਹੁਬਈ ਕੈਨੇਡਾ ਵਿੱਚ 5ਜੀ ਨੈਟਵਰਕ ਕਾਂਟਰੈਕਟ ਹਾਸਲ ਨਹੀਂ ਕਰ ਸਕਦੀ। ਦੁਨੀਆ ਭਰ ਵਿੱਚ ਉਸ 'ਤੇ ਜਾਸੂਸੀ ਦੇ ਦੋਸ਼ ਲੱਗ ਰਹੇ ਹਨ। ਬ੍ਰਾਜ਼ੀਲ ਵਿੱਚ ਮਾਤ ਖਾ ਚੁੱਕੀ ਹੁਬਈ ਕੰਪਨੀ ਇਹ ਨਹੀਂ ਚਾਹੁੰਦੀ ਕਿ ਕੈਨੇਡਾ ਵਿੱਚ ਵੀ ਉਸ ਦਾ ਇਹੀ ਹਸ਼ਰ ਹੋਵੇ। ਇਹੀ ਕਾਰਨ ਹੈ ਕਿ ਉਸ ਨੇ ਕਾਨੂੰਨੀ ਤੌਰ 'ਤੇ ਵਾਅਦਾ ਕੀਤਾ ਕਿ ਉਸ ਦੇ ਨੈਟਵਰਕ ਜਾਂ ਉਪਕਰਨਾਂ ਦੀ ਵਰਤੋਂ ਜਾਸੂਸੀ ਲਈ ਨਹੀਂ ਹੋਵੇਗੀ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਪਿਛਲੇ ਦਰਵਾਜ਼ੇ ਰਾਹੀਂ ਭਾਵ ਚੋਰੀ-ਛਿਪੇ ਕੋਈ ਕੰਮ ਨਹੀਂ ਕਰੇਗੀ।
ਹੁਬਈ ਨੇ ਫਿਲਹਾਲ, ਕੋਈ ਦਸਤਾਵੇਜ਼ ਕੈਨੇਡਾ ਸਰਕਾਰ ਦੇ ਸਾਹਮਣੇ ਪੇਸ਼ ਨਹੀਂ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਚੀਨ ਦੀ ਕਿਸੇ ਸਿਕਿਉਰਿਟੀ ਏਜੰਸੀ ਨੂੰ ਕੋਈ ਮਦਦ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਹੁਣ ਤੱਕ ਚੀਨੀ ਕੰਪਨੀ 'ਤੇ ਰੁਖ਼ ਸਾਫ਼ ਨਹੀਂ ਕੀਤਾ ਹੈ। ਸਰਕਾਰ ਨੇ ਦੋ ਮਹੀਨੇ ਪਹਿਲਾਂ 5ਜੀ ਨੈਟਵਰਕ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਭਾਵੇਂ ਕੈਨੇਡਾ ਸਰਕਾਰ ਨੇ ਹੁਬਈ ਨੂੰ ਲੈ ਕੇ ਕੋਈ ਆਖ਼ਰੀ ਫ਼ੈਸਲਾ ਨਾ ਕੀਤਾ ਹੋਵੇ, ਪਰ ਚੀਨੀ ਕੰਪਨੀ ਨੇ ਇਤਿਹਾਸ ਨੂੰ ਦੇਖਦੇ ਹੋਏ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਉਸ ਨੂੰ ਕੰਟਰੈਕਟ ਨਹੀਂ ਮਿਲੇਗਾ। ਦਰਅਸਲ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬਰਤਾਨੀਆ ਅਤੇ ਅਮਰੀਕਾ ਨੇ ਜਾਸੂਸੀ ਕਰਨ ਵਾਲੀਆਂ ਕੰਪਨੀਆਂ ਨੂੰ ਕਿਸੇ ਤਰ•ਾਂ ਦੇ ਕੰਟਰੈਕਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ 'ਫਾਈਵ ਆਈ' ਭਾਵ 'ਪੰਜ ਅੱਖਾਂ' ਨਾਮ ਨਾਲ ਇੱਕ ਗਠਜੋੜ ਵੀ ਬਣਾਇਆ ਗਿਆ ਹੈ।
ਦੋ ਮਹੀਨੇ ਪਹਿਲਾਂ ਬ੍ਰਾਜ਼ੀਲ ਵਿੱਚ ਹੁਬਈ 5ਜੀ ਨੈਟਵਰਕ ਕੰਟਰੈਕਟ ਹਾਸਲ ਕਰਨ ਦੇ ਨੇੜੇ ਸੀ, ਪਰ ਅਮਰੀਕਾ ਨੇ ਬ੍ਰਾਜ਼ੀਲ ਸਰਕਾਰ ਨੂੰ ਦੋ ਟੁੱਕ ਲਹਿਜ਼ੇ ਵਿੱਚ ਦੱਸ ਦਿੱਤਾ ਕਿ ਇਸ ਚੀਨੀ ਕੰਪਨੀ ਨੂੰ ਕੰਟਰੈਕਟ ਮਿਲਿਆ ਤਾਂ ਬ੍ਰਾਜ਼ੀਲ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਇਸ 'ਤੇ ਬ੍ਰਾਜ਼ੀਲ ਸਰਕਾਰ ਨੇ ਪ੍ਰਕਿਰਿਆ ਹੀ ਰੋਕ ਦਿੱਤੀ। ਹੁਣ ਰੋਜਰਸ, ਇਰੀਕਸਨ ਅਤੇ ਨੋਕੀਆ ਇਸ ਦੌੜ ਵਿੱਚ ਸ਼ਾਮਲ ਹਨ। ਕੈਨੇਡਾ ਵਿੱਚ ਇਹੀ ਕਹਾਣੀ ਦੋਹਰਾਈ ਜਾ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.