ਮੁੰਬਈ, 18 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗ ਐਂਗਲ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਪੂਰੇ ਐਕਸ਼ਨ ਵਿੱਚ ਹੈ। ਇਸ ਕੇਸ ਵਿੱਚ ਰੀਆ ਚੱਕਰਵਰਤੀ, ਉਸ ਦਾ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੈਮਿਊਅਲ ਮਿਰਾਂਡਾ ਸਣੇ ਕਈ ਲੋਕਾਂ 'ਤੇ ਸ਼ਿਕੰਜਾ ਕਸਣ ਲਈ ਐਨਸੀਬੀ ਲਗਾਤਾਰਾ ਛਾਪੇ ਮਾਰ ਰਹੀ ਹੈ। ਇਸੇ ਤਹਿਤ ਕਾਰਵਾਈ ਕਰਦੇ ਹੋਏ ਐਨਸੀਬੀ ਨੇ ਮੁੰਬਈ ਤੋਂ 4 ਹੋਰ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਹਨ।
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਨਸ਼ਾ ਤਸਕਰ ਰਾਹਿਲ ਵਿਸ਼ਰਾਮ ਨੂੰ 1 ਕਿਲੋ ਚਰਸ ਸਣੇ ਕਾਬੂ ਕੀਤਾ ਗਿਆ ਸੀ। ਐਨਸੀਬੀ ਨੇ ਉਸ ਕੋਲੋਂ 4.5 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਨੇ ਦੱਸਿਆ ਕਿ ਰਾਹਿਲ ਦਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਸਬੰਧਤ ਹੋਰ ਤਸਕਰਾਂ ਨਾਲ ਸਿੱਧਾ ਸੰਪਰਕ ਹੈ।
ਉੱਥੇ ਹੀ ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਅਨ ਦੀ ਮੌਤ 'ਤੇ ਲਗਾਤਾਰ ਸਵਾਲ ਖੜ•ੇ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਦਿਸ਼ਾ ਨੇ 100 ਨੰਬਰ 'ਤੇ ਕਾਲ ਕੀਤੀ ਸੀ। ਹਾਲਾਂਕਿ ਮੁੰਬਈ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਦਿਸ਼ਾ ਸਲਿਅਨ ਦੇ ਫੋਨ ਤੋਂ ਆਖਰੀ ਕਾਲ ਉੁਸ ਦੀ ਦੋਸਤ ਅੰਕਿਤਾ ਨੂੰ ਕੀਤੀ ਗਈ ਸੀ। ਉਸ ਦੇ ਆਖਰੀ ਵਾਰ 100 ਨੰਬਰ 'ਤੇ ਡਾਇਲ ਕਰਨ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਗ਼ਲਤ ਹੈ। ਦੱਸ ਦੇਈਏ ਕਿ ਦਿਸ਼ਾ ਸਲਿਅਨ 8 ਜੂਨ ਨੂੰ ਮੁੰਬਈ ਵਿੱਚ ਮ੍ਰਿਤਕ ਮਿਲੀ ਸੀ।
ਇਸ ਤੋਂ ਪਹਿਲਾਂ ਐਨਸੀਬੀ ਨੇ ਸੁਸ਼ਾਂਤ ਕੇਸ ਵਿੱਚ ਡਰੱਗ ਨਾਲ ਜੁੜੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ•ਾਂ ਵਿੱਚੋਂ ਇੱਕ ਸ਼ੌਵਿਕ ਚੱਕਰਵਰਤੀ ਦਾ ਦੋਸਤ ਜੈਦੀਪ ਮਲਹੋਤਰਾ ਹੈ। ਜਦਕਿ ਦੂਜਾ ਵਿਅਕਤੀ ਕ੍ਰਿਸ ਕੋਸਟਾ ਹੈ। ਐਨਸੀਬੀ ਇਸ ਮਾਮਲੇ ਵਿੱਚ ਹੁਣ ਤੱਕ 19 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.