ਐਨਆਈਏ ਨੇ ਛਾਪੇਮਾਰੀ ਦੌਰਾਨ ਅਲਕਾਇਦਾ ਦੇ ਵੱਡੇ ਨੈਟਵਰਕ ਦਾ ਕੀਤਾ ਪਰਦਾਫਾਸ਼
ਨਵੀਂ ਦਿੱਲੀ, 19 ਸਤੰਬਰ, ਹ.ਬ. :   ਐਨਆਈਏ ਨੇ ਅਲਕਾਇਦਾ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਐਨਆਈਏ ਨੇ ਅਲਕਾਇਦਾ ਨੈਟਵਰਕ ਨੂੰ ਲੈ ਕੇ ਕੇਰਲ ਅਤੇ ਪੱਛਮੀ ਬੰਗਾਲ ਵਿਚ ਛਾਪੇਮਾਰੀ ਕੀਤੀ ਹੈ।  ਇਸ ਛਾਪੇਮਾਰੀ ਦੌਰਾਨ 9 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਅਲਕਾਇਦਾ ਨੂੰ ਲੈ ਕੇ ਬਿਲਕੁਲ ਨਵੇਂ ਮਾਮਲਿਆਂ ਵਿਚ ਛਾਪਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਕੇਰਲ ਦੇ ਐਰਨਾਕੁਲਮ ਅਤੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿਚ ਕੀਤੀ ਗਈ ਹੈ। ਛਾਪੇਮਾਰੀ ਦੌਰਾਨ 9 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਨਆਈਏ ਨੇ ਐਰਨਾਕੁਲਮ  ਤੋਂ 3 ਜਦ ਕਿ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੋਂ 6 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।  ਦੱਸਿਆ ਜਾ ਰਿਹਾ ਕਿ ਕਈ ਸੁਰੱਖਿਆ ਅਦਾਰੇ ਇਨ੍ਹਾਂ ਦੇ ਨਿਸ਼ਾਨੇ 'ਤੇ ਸਨ। ਗ੍ਰਿਫਤਾਰ ਜ਼ਿਆਦਾਤਰ ਲੋਕਾਂ ਦੀ ਉਮਰ 20 ਸਾਲ ਦੇ ਆਸ ਪਾਸ ਦੱਸੀ ਜਾ ਰਹੀ ਹੈ। ਅੱਤਵਾਦੀ ਸਾਜ਼ਿਸ਼ ਨੂੰ ਲੈ ਕੇ ਇਨਪੁਟ ਮਿਲਣ ਤੋਂ ਬਾਅਦ ਇਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ।  ਐਨਆਈਏ ਨੇ ਪੱਛਮੀ ਬੰਗਾਲ ਅਤੇ ਕੇਰਲ ਸਣੇ ਦੇਸ਼ ਦੀ ਵੱਖ ਵੱਖ ਥਾਵਾਂ 'ਤੇ ਅਲਕਾਇਦਾ ਮੈਂਬਰਾਂ ਦੇ ਇੱਕ ਅੰਤਰਰਾਜੀ ਨੈਟਵਰਕ ਦੇ ਬਾਰੇ ਵਿਚ ਪਤਾ ਚਲਿਆ ਸੀ ਜਿਸ ਤੋਂ ਬਾਅਦ Îਇਹ ਛਾਪੇਮਾਰੀ ਕੀਤੀ ਗਈ। ਇਹ ਗਰੁੱਪ ਦੇਸ਼ ਦੀ ਮਹੱਤਵਪੂਰਣ ਵੱਖ ਵੱਖ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਐਨਆਈਏ ਨੇ ਇਸ ਨੂੰ ਲੈ ਕੇ ਕੇਸ ਦਰਜ ਕੀਤਾ ਹੈ। ਗ੍ਰਿਫਤਾਰ ਸ਼ੱਕੀ ਅੱਤਵਾਦੀਆਂ ਕੋਲੋਂ ਡਿਜ਼ੀਟਲ ਉਪਕਰਣ, ਦਸਤਾਵਜ਼, ਜੇਹਾਦੀ ਸਾਹਿਤ, ਤੇਜ਼ਧਾਰ ਹਥਿਆਰ ਸਣੇ ਵੱਡੇ ਪੱਧਰ 'ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।  ਮੁਢਲੀ ਜਾਂਚ ਵਿਚ ਪਤਾ ਚਲਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਸਥਿਤ ਅਲਕਾਇਦਾ ਦੇ ਅੱਤਵਾਦੀਆਂ ਨੇ ਇਨ੍ਹਾਂ ਕੱਟੜਪੰਥੀ ਬਣਾਇਆ, ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨੇ ਇਨ੍ਹਾਂ ਦਿੱਲੀ ਸਣੇ ਕਈ ਮਹੱਤਵਪੂਰਣ ਥਾਵਾਂ 'ਤੇ  ਹਮਲੇ ਕਰਨ ਦੇ ਲਈ ਉਕਸਾਇਆ ਸੀ। ਐਨਆਈਏ ਮੁਤਾਬਕ ਹਮਲੇ ਦੇ ਮਕਸਦ ਨਾਲ ਇਹ ਸਰਗਰਮ ਤੌਰ 'ਤੇ ਪੈਸੇ ਜੁਟਾਉਣ ਵਿਚ ਸ਼ਾਮਲ ਸੀ ਅਤੇ ਗਿਰੋਹ ਦੇ ਕੁਝ ਮੈਂਬਰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖਰੀਦ ਦੇ ਲਈ ਦਿੱਲੀ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.