ਤਾਇਪੇ, 19 ਸਤੰਬਰ, ਹ.ਬ. :  ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਕੀਥ ਕਰੈਚ ਦੀ ਤਾਇਵਾਨ ਯਾਤਰਾ ਨੂੰ ਲੈ ਕੇ ਚੀਨ ਦੀ ਬੌਖਲਾਹਟ ਸਾਹਮਣੇ ਆਈ ਹੈ। ਉਨ੍ਹਾਂ ਦੇ ਤਾਇਪੇ ਪੁੱਜਣ 'ਤੇ ਸ਼ੁੱਕਰਵਾਰ ਨੂੰ ਚੀਨ ਦੇ 18 ਲੜਾਕੂ ਜਹਾਜ਼ ਤਾਇਵਾਨ ਦੇ ਨੇੜੇ ਉਡੇ। ਇਸ ਦੇ ਜਵਾਬ ਵਿਚ ਇਸ ਦੀਪੀ ਖੇਤਰ ਨੇ ਵੀ ਆਪਣੇ ਫਾਈਟਰ ਜੈੱਟ ਰਵਾਨਾ ਕੀਤੇ। ਬੀਜਿੰਗ ਨੇ ਆਪਣੀ ਇਸ ਹਰਕਤ ਨੂੰ ਫ਼ੌਜੀ ਅਭਿਆਸ ਕਰਾਰ ਦਿੱਤਾ ਹੈ। ਉਸ ਨੇ ਅਮਰੀਕਾ ਅਤੇ ਤਾਇਵਾਨ ਵਿਚਕਾਰ ਗੰਢਤੁੱਪ ਦੀ ਸਖ਼ਤ ਨਿੰਦਾ ਕੀਤੀ ਹੈ। ਚੀਨ ਇਸ ਦੀਪੀ ਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ। ਤਾਇਪੇ ਦੇ ਤਿੰਨ ਰੋਜ਼ਾ ਦੌਰੇ 'ਤੇ ਪੁੱਜੇ ਕੀਥ ਨੇ ਸ਼ੁੱਕਰਵਾਰ ਨੂੰ ਇਸ ਦੀਪੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਉਹ ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ-ਵੇਨ ਨਾਲ ਵੀ ਮੁਲਾਕਾਤ ਕਰਨਗੇ। ਤਾਇਵਾਨ ਨੇ ਕਿਹਾ ਕਿ ਸ਼ੁੱਕਰਵਾਰ ਦੀ ਕਰਤੂਤ ਵਿਚ 18 ਚੀਨੀ ਲੜਾਕੂ ਜਹਾਜ਼ ਸ਼ਾਮਲ ਸਨ। ਰੱਖਿਆ ਮੰਤਰਾਲੇ ਨੇ ਇਕ ਟਵੀਟ ਵਿਚ ਦੱਸਿਆ ਕਿ ਦੋ ਐੱਚ-6 ਬੰਬਾਰ ਜਹਾਜ਼, ਅੱਠ ਜੇ-16, ਚਾਰ ਜੇ-10 ਅਤੇ ਚਾਰ ਜੇ-11 ਲੜਾਕੂ ਜਹਾਜ਼ ਤਾਇਵਾਨ ਦੇ ਦੱਖਣੀ-ਪੱਛਮੀ ਖੇਤਰ ਵਿਚ ਦਾਖ਼ਲ ਹੋਏ ਸਨ। ਇਸ ਦੇ ਜਵਾਬ ਵਿਚ ਤਾਇਵਾਨ ਦੀ ਹਵਾਈ ਫ਼ੌਜ ਨੇ ਲੜਾਕੂ ਜਹਾਜ਼ਾਂ ਨੂੰ ਰਵਾਨਾ ਕਰਨ ਦੇ ਨਾਲ ਹੀ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਸੀ ਜਦਕਿ ਦੋਵਾਂ ਪਾਸਿਆਂ ਦੇ ਲੜਾਕੂ ਜਹਾਜ਼ ਕਰੀਬ ਚਾਰ ਘੰਟੇ ਤਕ ਆਹਮੋ-ਸਾਹਮਣੇ ਰਹੇ। ਉਧਰ, ਚੀਨੀ ਫ਼ੌਜ ਕੀਥ ਦੇ ਦੌਰੇ ਦੇ ਜਵਾਬ ਵਿਚ ਤਾਇਵਾਨ ਸਟ੍ਰੇਟ ਦੇ ਨੇੜੇ ਅਭਿਆਸ ਕਰ ਰਹੀ ਹੈ। ਇਸ ਮਹੀਨੇ ਉਸ ਦਾ ਇਹ ਦੂਜਾ ਫ਼ੌਜੀ ਅਭਿਆਸ ਹੈ। ਚੀਨ ਇਸ ਤਰ੍ਹਾਂ ਦੇ ਫ਼ੌਜੀ ਅਭਿਆਸ ਤਾਇਵਾਨ ਅਤੇ ਇਸ ਦੇ ਸਮਰਥਕ ਦੇਸ਼ਾਂ ਨੂੰ ਡਰਾਉਣ ਦੇ ਮਕਸਦ ਨਾਲ ਕਰਦਾ ਰਹਿੰਦਾ ਹੈ। ਚੀਨ ਨੇ ਕੀਥ ਦੇ ਦੌਰੇ ਦੀ ਆਲੋਚਨਾ ਕਰਦੇ ਹੋਏ ਵੀਰਵਾਰ ਨੂੰ ਇਹ ਚਿਤਾਵਨੀ ਦਿੱਤੀ ਸੀ ਕਿ ਉਹ ਕਾਰਵਾਈ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.