ਨਵੀਂ ਦਿੱਲੀ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਵਿਚਕਾਰ ਭਾਵੇਂ ਕੌਮਾਂਤਰੀ ਉਡਾਣਾਂ ’ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ, ਪਰ ਹੁਣ ਭਾਰਤ ਤੋਂ ਕੈਨੇਡਾ ਜਾਣ ਜਾਂ ਕੈਨੇਡਾ ਤੋਂ ਭਾਰਤ ਆਉਣ ਦਾ ਮੌਕਾ ਜ਼ਰੂਰ ਮਿਲੇਗਾ। ਇਸ ਦੇ ਲਈ ਭਾਰਤ ਸਰਕਾਰ ਨੇ ਵਿਸ਼ੇਸ਼ ਤਿਆਰੀ ਕੀਤੀ ਹੈ। ਦਰਅਸਲ, ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਵਿਚਕਾਰ ਸਰਕਾਰ ਹੁਣ ਏਅਰ ਬਬਲ ਰਾਹੀਂ ਦੋ ਮੰਜ਼ਿਲਾਂ ਲਈ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ। ਇਸੇ ਲੜੀ ’ਚ ਸਿਵਲ ਹਵਾਈ ਮੰਤਰਾਲੇ ਨੇ ਕੁਝ ਹੋਰ ਮੰਜ਼ਿਲਾਂ ਨੂੰ ਵੀ ਇਸ ਵਿਸ਼ੇਸ਼ ਸੂਚੀ ਵਿੱਚ ਜੋੜਿਆ ਹੈ, ਜਿੱਥੇ ਲਈ ਉਡਾਣ ਭਰੀ ਜਾ ਸਕਦੀ ਹੈ।

ਸਿਵਲ ਹਵਾਈ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਤੋਂ ਪਹਿਲਾਂ ਹੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਏਅਰ ਬਬਲ ਲਈ 13 ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਇਹ ਸੂਚੀ ਫਾਈਨਲ ਹੋ ਗਈ ਹੈ। ਮੰਤਰਾਲੇ ਨੇ ਵੀ ਆਪਣੀ ਵੈਬਸਾਈਟ ’ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਭਾਰਤ ਨੇ ਕੈਨੇਡਾ ਨਾਲ ਹਵਾਈ ਯਾਤਰਾ ਦਾ ਪ੍ਰਬੰਧ ਕੀਤਾ ਹੈ।

ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਕੁਝ ਸ਼ਰਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਭਾਰਤ ’ਚ ਫਸਿਆ ਹੋਇਆ ਕੋਈ ਕੈਨੇਡੀਅਨ ਨਾਗਰਿਕ ਜਾਂ ਜਾਇਜ਼ ਵੀਜ਼ੇ ਨਾਲ ਕੋਈ ਵਿਦੇਸ਼ੀ ਵਿਅਕਤੀ ਹੁਣ ਕੈਨੇਡਾ ਜਾਣ ਲਈ ਯੋਗ ਹੋਵੇਗਾ। ਜਾਇਜ਼ ਵੀਜ਼ੇ ਰਾਹੀਂ ਭਾਰਤੀ ਨਾਗਰਿਕ ਵੀ ਕੈਨੇਡਾ ਜਾ ਸਕਣਗੇ। ਹਵਾਈ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੈਨੇਡਾ ਜਾਣ ਵਾਲੇ ਭਾਰਤੀ ਨਾਗਰਿਕਾਂ ’ਤੇ ਟਿਕਟ ਜਾਂ ਬੋਰਡਿੰਗ ਪਾਸ ਜਾਰੀ ਕਰਨ ’ਤੇ ਕੋਈ ਰੋਕ ਨਾ ਲੱਗੇ।  ਦੂਜੇ ਮੁਲਕਾਂ ਦੇ ਮੱਲਾਹ ਜਾਂ ਭਾਰਤੀ ਪਾਸਪੋਰਟ ਰੱਖਣ ਵਾਲੇ ਮੱਲਾਹ ਨੂੰ ਸ਼ਿਪਿੰਗ ਮੰਤਰਾਲੇ ਤੋਂ ਕਲੀਅਰੈਂਸ ਲੈੈਣ ਬਾਅਦ ਯਾਤਰਾ ਕਰਨ ਦੀ ਮਨਜ਼ੂਰੀ ਹੋਵੇਗੀ।

ਇਸ ਤੋਂ ਇਲਾਵਾ ਕੈਨੇਡੀਅਨ ਪਾਸਪੋਰਟ ਰੱਖਣ ਵਾਲੇ ਸਾਰੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਭਾਵ ਓਸੀਆਈ ਕਾਰਡ ਹੋਲਡਰਸ ਵੀ ਭਾਰਤ ਆ ਸਕਣਗੇ। ਗ੍ਰਹਿ ਮੰਤਰਾਲੇ ਵੱਲੋਂ ਯੋਗ ਕਰਾਰ ਦਿੱਤੇ ਗਏ ਵਿਦੇਸ਼ੀ ਵੀ ਕੈਨੇਡਾ ਤੋਂ ਭਾਰਤ ਆ ਸਕਦੇ ਹਨ। ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਤੈਅ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨਾ ਹੋਵੇਗਾ।

ਭਾਰਤ ਨੇ ਜਿਨ੍ਹਾਂ ਦੇਸ਼ਾਂ ਨਾਲ ਏਅਰ ਬਬਲ ’ਤੇ ਸਮਝੌਤਾ ਕੀਤਾ ਹੈ, ਉਨ੍ਹਾਂ ਵਿੱਚ ਕੈਨੇਡਾ, ਅਫ਼ਗਾਨਿਸਤਾਨ, ਬਹਿਰੀਨ, ਫਰਾਂਸ, ਜਰਮਨੀ, ਇਰਾਕ, ਜਪਾਨ, ਮਾਲਦੀਵ, ਨਾਈਜੀਰੀਆ, ਕਤਰ, ਯੂਨਾਈਟਡ ਅਰਬ ਅਮੀਰਾਤ, ਯੂਨਾਈਟਡ ਕਿੰਗਡਮ ਅਤੇ ਅਮਰੀਕਾ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ਤੋਂ ਭਾਰਤ ਆਉਣ ਅਤੇ ਭਾਰਤ ਤੋਂ ਇੱਕੇ ਜਾਣ ਲਈ ਸਰਕਾਰ ਵੱਲੋਂ ਤੈਅ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.