ਬ੍ਰਾਜ਼ੀਲ 'ਚ ਹੋਈ ਖੋਜ

ਰਿਓ ਡੀ ਜਨੇਰੀਓ (ਬ੍ਰਾਜ਼ੀਲ), 22 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਨਾਲ ਜੂਝ ਰਹੀ ਪੂਰੀ ਦੁਨੀਆ ਲਈ ਇੱਕ ਚੰਗੀ ਖ਼ਬਰ ਹੈ। ਬ੍ਰਾਜ਼ੀਲ ਵਿੱਚ ਹੋਈ ਇੱਕ ਖੋਜ ਵਿੱਚ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਸਬੰਧਾਂ ਬਾਰੇ ਪਤਾ ਲੱਗਾ ਹੈ। ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਡੇਂਗੂ ਬੁਖ਼ਾਰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਵਿੱਚ ਰੱਖਿਆ ਕਵਚ ਬਣ ਰਿਹਾ ਹੈ। ਡੇਂਗੂ ਲੋਕਾਂ ਨੂੰ ਕੁਝ ਹੱਦ ਤੱਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ, ਜੋ ਕੋਰੋਨਾ ਵਾਇਰਸ ਨਾਲ ਜੰਗ ਵਿੱਚ ਮਦਦ ਕਰਦੀ ਹੈ।
ਡਿਊਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮਿਗੁਇਲ ਨਿਕੋਲੇਲਿਸ ਨੇ ਸਾਲ 2019-20 ਵਿੱਚ ਡੇਂਗੂ ਬੁਖ਼ਾਰ ਦੇ ਨਾਲ ਕੋਰੋਨਾ ਦੇ ਭੂਗੋਲਿਕ ਪ੍ਰਸਾਰ ਦਾ ਤੁਲਨਾਤਮਕ ਅੰਕੜਾ ਪੇਸ਼ ਕੀਤਾ ਹੈ। ਨਿਕੋਲੇਲਿਸ ਨੇ ਪਤਾ ਲਾਇਆ ਕਿ ਜਿਨ•ਾਂ ਦੇਸ਼ਾਂ ਵਿੱਚ ਇਸ ਸਾਲ ਜਾਂ ਪਿਛਲੇ ਸਾਲ ਡੇਂਗੂ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਫੈਲਿਆ ਸੀ, ਉੱਥੇ ਕੋਰੋਨਾ ਘੱਟ ਅਸਰ ਕਰ ਰਿਹਾ ਹੈ ਅਤੇ ਬਹੁਤ ਥੋੜੇ ਮਰੀਜ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨ।
ਬ੍ਰਾਜ਼ੀਲ ਵਿੱਚ ਹੋਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਆਸਾਧਾਰਨ ਜਾਣਕਾਰੀ ਡੇਂਗੂ ਵਾਇਰਸ ਐਂਟੀਬਾਡੀ ਅਤੇ ਕੋਰੋਨਾ ਵਾਇਰਸ ਵਿਚਕਾਰ ਇੱਕ ਗੁਪਤ ਸਬੰਧ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ। ਜੇਕਰ ਇਹ ਸਹੀ ਸਾਬਤ ਹੁੰਦੀ ਹੈ ਤਾਂ ਡੇਂਗੂ ਦੇ ਖਾਤਮੇ ਲਈ ਬਣਾਈ ਗਈ ਇੱਕ ਸੁਰੱਖਿਅਤ ਵੈਕਸੀਨ ਕੋਰੋਨਾ ਵਾਇਰਸ ਤੋਂ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦੀ ਹੈ।
ਖੋਜਕਰਤਾਵਾਂ ਨੇ ਦੱਸਿਆ ਕਿ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਇਹ ਸਬੰਧ ਲੈਟਿਨ ਅਮਰੀਕਾ ਦੇ ਹੋਰ ਹਿੱਸਿਆਂ ਅਤੇ ਏਸ਼ੀਆ ਤੇ ਪ੍ਰਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਵਿੱਚ ਵੀ ਮਿਲਿਆ ਹੈ।
ਪ੍ਰੋਫੈਸਰ ਨਿਕੋਲੇਲਿਸ ਨੇ ਕਿਹਾ ਕਿ ਇਹ ਅੰਕੜੇ ਇਸ ਲਈ ਵੀ ਹੈਰਾਨ ਕਰਨ ਵਾਲੇ ਹਨ, ਕਿਉਂਕਿ ਪਹਿਲਾਂ ਦੀ ਖੋਜ ਵਿੱਚ ਪਤਾ ਲੱਗਾ ਸੀ ਕਿ ਜਿਨ•ਾਂ ਲੋਕਾਂ ਦੇ ਖੂਨ ਵਿੱਚ ਡੇਂਗੂ ਦਾ ਐਂਟੀਬਾਡੀ ਹੈ, ਉਨ•ਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਸਹੀ ਨਹੀਂ ਆ ਰਹੀ ਸੀ। ਪ੍ਰੋਫੈਸਰ ਨੇ ਕਿਹਾ ਕਿ ਇਹ ਖੋਜ ਜਲਦ ਹੀ ਇੱਕ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਇਸ ਵਿੱਚ ਇਹ ਦੱਸਿਆ ਜਾਵੇਗਾ ਕਿ ਡੇਂਗੂ ਨਾਲ ਜੂਝਣ ਵਾਲੇ ਬ੍ਰਾਜ਼ੀਲ ਵਿੱਚ ਕੋਰੋਨਾ ਨਾਲ ਹੋਰ ਮੁਲਕਾਂ ਦੇ ਮੁਕਾਬਲੇ ਘੱਟ ਮੌਤਾਂ ਹੋ ਰਹੀਆਂ ਹਨ। ਮਰੀਜ਼ਾਂ ਦੀ ਗਿਣਤੀ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਬ੍ਰਾਜ਼ੀਲ ਵਿੱਚ ਕੋਰੋਨਾ ਦੇ 44 ਲੱਖ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਭਾਰਤ ਵਿੱਚ ਵੀ ਵੱਡੀ ਪੱਧਰ 'ਤੇ ਲੋਕ ਪਿਛਲੇ ਸਾਲ ਅਤੇ ਇਸ ਸਾਲ ਵੀ ਡੇਂਗੂ ਦੀ ਲਪੇਟ 'ਚ ਆ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.