ਸਕੂਲ ਦੇ ਪ੍ਰਿੰਸੀਪਲ ਨੇ ਅੰਮ੍ਰਤਧਾਰੀ ਟੀਚਰ ਨੂੰ ਮੰਦਾ ਬੋਲਿਆ
ਫਿਰੋਜ਼ਪੁਰ, 24 ਸਤੰਬਰ, ਹ.ਬ. :  ਪੰਜਾਬ ਵਿਚ ਅੰਮ੍ਰਤਧਾਰੀ ਲੋਕਾਂ ਦੇ ਨਾਲ ਬਦਸਲੂਕੀ ਅਤੇ ਉਨ੍ਹਾਂ ਦੇ ਕਕਾਰਾਂ ਦੀ ਬੇਅਦਬੀ ਕਰਨ ਦੀ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਵਿਚ ਸਿੱਖ ਪਰਵਾਰਾਂ ਦੇ ਨਾਲ ਬਦਸਲੂਕੀ ਕਰਨ ਅਤੇ ਉਨ੍ਹਾਂ ਦੇ ਕਕਾਰਾਂ ਨੂੰ ਮੰਦਾ ਬੋਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।  ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ।ਜਿੱਥੇ ਇੱਕ ਨਿੱਜੀ ਸਕੂਲ ਵਿਚ ਟੀਚਰ ਦੀ ਸੇਵਾ ਨਿਭਾ ਰਹੀ ਅਮ੍ਰਤਧਾਰੀ ਔਰਤ ਦੇ ਕਕਾਰਾਂ ਨੂੰ ਸਕੂਲ ਦੇ ਪ੍ਰਿੰਸੀਪਲ ਵਲੋਂ ਮੰਦਾ ਬੋਲਿਆ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਸਨਦੀਪ ਕੌਰ ਨੇ ਦੱਸਿਆ ਕਿ ਉਹ ਫਿਰੋਜਪੁਰ ਦੇ ਡੀਏਵੀ ਸਕੂਲ ਵਿਚ ਬਤੌਰ ਟੀਚਰ ਦੇ ਤੌਰ 'ਤੇ ਸੇਵਾ ਨਿਭਾਅ ਰਹੀ ਹੈ ਅਤੇ ਸਕੂਲ ਪ੍ਰਿੰਸੀਪਲ ਉਸ ਦੇ ਅੰਮ੍ਰਤਧਾਰੀ ਹੋਣ 'ਤੇ ਉਸ ਦੇ ਨਾਲ  ਹਮੇਸ਼ਾ ਹੀ ਮੰਦਾ ਬੋਲਦਾ ਰਹਿੰਦਾ ਹੈ।
ਬੀਤੇ ਦਿਨ ਉਹ ਸਕੂਲ ਤੋਂ ਦਸ ਮਿੰਟ ਦੇਰੀ ਦੇ ਨਾਲ ਜਦ ਪੁੱਜੀ ਤਾਂ ਸਕੂਲ ਪ੍ਰਿੰਸੀਪਲ ਅਨੂਪ ਚੌਹਾਨ ਨੇ ਉਸ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ । ਜਦ ਉਸ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਸਰ ਮੈਂ ਅੰਮ੍ਰਤਧਾਰੀ ਹਾਂ ਮੈਨੂੰ ਇਸ ਤਰ੍ਹਾਂ ਦੀ ਭਾਸ਼ਾ ਦੇ ਨਾਲ ਨਾ ਬੋਲੋ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਇਹ ਜੋ ਤੁਸੀਂ ਸਿਰ 'ਤੇ ਪਗੜੀ ਰੱਖੀ ਹੋਈ ਹੈ, ਜ਼ਿਆਦਾਤਰ ਇਸ ਨੇ ਆਪ ਦਾ ਦਿਮਾਗ ਖਰਾਬ ਕੀਤਾ ਹੋਇਆ। ਜੇਕਰ ਤੁਸੀਂ ਸਿੱਖ ਧਰਮ ਦੇ ਨਾਲ ਸਬੰਧਤ ਹੋ ਤਾਂ ਅਪਣੀ ਸਿੱਖੀ ਅਤੇ ਇਹ ਜੋ ਚਾਕੂ ਆਪ ਨੇ ਗਲ਼ ਵਿਚ ਪਾਇਆ ਹੋਇਆ ਹੈ। ਇਸ ਨੂੰ ਘਰ ਛੱਡ ਕੇ ਆਇਆ ਕਰੋ।
ਜਦੋਂ ਸੰਦੀਪ ਕੌਰ ਨੇ ਇਸ ਬਦਸਲੂਕੀ ਨੂੰ ਲੈ ਕੇ ਪ੍ਰਿੰਸੀਪਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਬੁਲਾਉਣ ਦੀ ਗੱਲ ਕਹੀ ਗਈ ਅਤੇ ਸੰਦੀਪ ਕੌਰ ਨੂੰ ਬੇਇੱਜ਼ਤ ਕਰਕੇ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ।
ਇਸ ਮਾਮਲੇ ਨੂੰ ਲੈ ਕੇ ਮਹਿਤਾ ਫੈਡਰੇਸ਼ਨ ਨੇ ਸੰਦੀਪ ਕੌਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਹੀ ਹੈ। ਜਾਣਕਾਰੀ ਦਿੰਦਿਆਂ ਮਹਿਤਾ ਫੈਡਰੇਸ਼ਨ ਸੁਸਾਇਟੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਜੇ ਪ੍ਰਿੰਸੀਪਲ ਅਨੂਪ ਚੌਹਾਨ ਵਲੋਂ ਸਿੱਖੀ ਸਰੂਪ ਨੂੰ ਲੈਕੇ ਮੰਦਾ ਬੋਲਿਆ ਹੈ। ਉਸ ਨੂੰ ਲੈ ਕੇ ਉਹ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਸੰਦੀਪ ਕੌਰ ਨੂੰ ਇਨਸਾਫ਼ ਦਿਵਾਉਣ ਦੇ ਲਈ ਜੇਕਰ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਵੀ ਕਰਨੇ ਪਏ ਤਾਂ ਉਹ ਕਰਾਂਗੇ ਅਤੇ ਪ੍ਰਿੰਸੀਪਲ ਦੀ ਇਸ ਘਟੀਆ ਕਰਤੂਤ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.