ਬਰਲਿਨ, 28 ਸਤੰਬਰ, ਹ.ਬ. : ਯੂਰਪੀ ਦੇਸ਼ਾਂ ਵਿਚ ਮੌਸਮ ਨੇ ਅਜਿਹੀ ਕਰਵਟ ਬਦਲੀ ਹੈ ਕਿ ਉਥੇ ਦੇ ਤਿੰਨ ਦੇਸ਼ਾਂ ਵਿਚ ਸਮੇਂ ਤੋਂ ਪਹਿਲਾਂ ਹੀ ਬਰਫ਼ਬਾਰੀ ਅਤੇ ਸਰਦੀ ਸ਼ੁਰੂ ਹੋ ਗਈ। ਆਮ ਤੌਰ 'ਤੇ ਆਸਟ੍ਰੀਆ, ਜਰਮਨੀ ਅਤੇ ਸਵਿਟਜ਼ਰਲੈਂਡ ਵਿਚ ਅਕਤੂਬਰ ਦੇ ਅੰਤ ਤੱਕ ਸਰਦੀ ਦੀ ਸ਼ੁਰੂਆਤ ਹੁੰਦੀ ਹੈ ਲੇਕਿਨ ਇਸ ਵਾਰ ਸਰਦੀ ਨੇ ਇੱਕ ਮਹੀਨਾ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ।
ਬੀਤੇ ਦਿਨ ਅਲਪਸ ਪਰਵਤ ਵਾਲੇ ਪਹਾੜੀ ਇਲਾਕਿਆਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਬਰਫ਼ ਦੀ ਮੋਟੀ ਚਾਦਰ ਵਿਛ ਗਈ। ਉਥੇ ਦੇ ਮੌਸਮ ਵਿਭਾਗ ਮੁਤਾਬਕ ਉਨ੍ਹਾਂ ਇਲਾਕਿਆਂ ਵਿਚ ਦਸ ਇੰਚ ਤੱਕ ਬਰਫ਼ਬਾਰੀ ਹੋਈ ਅਤੇ ਤਾਪਮਾਨ ਵੀ ਮਾਈਨਸ ਦੋ ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਐਨੀ ਬਰਫ਼ਬਾਰੀ ਨੂੰ ਹੁਣ ਤੱਕ ਦਾ ਰਿਕਾਰਡ ਦੱਸਿਆ ਹੈ।
ਸਰਦੀ ਸ਼ੁਰੂ ਹੋਣ ਦੇ ਸਮੇਂ ਵਿਚ ਐਨੀ ਜ਼ਿਆਦਾ ਮਾਤਰਾ ਵਿਚ ਬਰਫ਼ਬਾਰੀ ਕਦੇ ਨਹੀਂ ਹੋਈ।
ਸਵਿਟਜ਼ਰਲੈਂਡ ਦੇ ਮੌਸਮ ਵਿਭਾਗ ਅਤੇ ਜਰਮਨੀ ਦੇ Îਇੰਸਟੀਚਿਊਟ ਆਫ਼ ਮੈਟਰੋਲੌਜੀ ਦੇ ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਜ਼ਿਆਦਾਤਰ ਲੋਕ ਘਰਾਂ ਵਿਚ ਕੈਦ ਰਹੇ, ਜਿਸ ਕਾਰਨ ਕੁਦਰਤ ਵਿਚ ਸਕਾਰਾਤਮਕ ਬਦਲਾਅ ਦੇਖਣ  ਨੂੰ ਮਿਲੇ। ਵਿਗਿਆਨੀਆਂ ਨੇ ਦੱਸਿਆ ਕਿ ਮੀਂਹ ਤੋਂ ਬਾਅਦ ਤਾਪਮਾਨ ਵਿਚ ਕਮੀ ਦੇਖਣ ਨੂੰ ਮਿਲੀ ਜਿਸ ਕਾਰਨ ਇੱਥੇ ਸਰਦੀਆਂ ਸਮੇਂ ਤੋਂ ਪਹਿਲਾਂ ਆ ਗਈਆਂ। ਅਲਪਸ ਪਰਵਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਰਾਤ ਨੂੰ ਬਰਫ਼ਬਾਰੀ ਹੋਈ ਜਦ ਸਵੇਰੇ ਲੋਕ ਉਠੇ ਤਾਂ ਅਪਣੇ ਕੋਲ ਜੰਮੀ ਹੋਈ ਬਰਫ਼ ਦੇਖ ਕੇ ਹੈਰਾਨ ਹੋ ਗਏ। ਇਸ ਦੌਰਾਨ  ਕਈ ਲੋਕ ਬਰਫ਼ਬਾਰੀ  ਦਾ ਮਜ਼ਾ ਲੈਂਦੇ ਹੋਏ ਦਿਖਾਈ ਦਿੱਤੇ। ਕੁਝ ਲੋਕਾਂ ਨੇ ਬਰਫ਼ ਵਿਚ ਸਾਈਕਲਿੰਗ ਕੀਤੀ ਤੇ ਕੁਝ ਲੋਕ ਟਰੈਕਿੰਗ ਕਰਨ ਨਿਕਲ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.