ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਦਾ ਦਿਨ ਇਤਿਹਾਸਕ, ਅਟਲ ਜੀ ਦਾ ਸੁਪਨਾ ਪੂਰਾ ਹੋਇਆ

ਮਨਾਲੀ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 10 ਹਜ਼ਾਰ ਫੁੱਟ ਦੀ ਉਚਾਈ 'ਤੇ ਬਣੀ ਦੁਨੀਆਂ ਦੀ ਸਭ ਤੋਂ ਲੰਮੀ ਅਟਲ ਟਨਲ ਦਾ ਉਦਘਾਟਨ ਕੀਤਾ। ਰੋਹਤਾਂਗ ਪਾਸ ਤੋਂ ਸ਼ੁਰੂ ਹੁੰਦੀ 9.2 ਕਿਲੋਮੀਟਰ ਲੰਮੀ ਟਨਲ ਨਾਲ ਮਨਾਲੀ ਤੋਂ ਲੇਹ ਦਾ ਸਫ਼ਰ 46 ਕਿਲੋਮੀਟਰ ਘਟ ਗਿਆ ਹੈ ਜਿਸ ਨਾਲ ਘੱਟੋ-ਘੱਟ 4 ਘੰਟੇ ਬਚਣਗੇ ਅਤੇ ਸਰਦੀਆਂ ਦੇ ਮੌਸਮ ਵਿਚ ਵੀ ਆਵਾਜਾਈ ਦੀ ਦਿੱਕਤ ਨਹੀਂ ਆਵੇਗੀ। ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਟਨਲ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਪੂਰਾ ਹੋਇਆ ਹੈ ਸਗੋਂ ਹਿਮਾਚਲ ਦੀ ਲੋਕਾਂ ਦੀ ਲੰਮੀ ਉਡੀਕ ਵੀ ਖ਼ਤਮ ਹੋ ਗਈ। ਅਟਲ ਟਨਲ ਸਿਰਫ਼ ਹਿਮਾਚਲ ਪ੍ਰਦੇਸ਼ ਵਾਸਤੇ ਫ਼ਾਇਦੇਮੰਦ ਸਾਬਤ ਨਹੀਂ ਹੋਵੇਗੀ ਸਗੋਂ ਲੇਹ-ਲੱਦਾਖ ਦੀ ਲਾਈਫ਼ਲਾਈਨ ਵੀ ਬਣੇਗੀ। ਮੋਦੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਇਸ ਸੁਰੰਗ ਦਾ ਨੀਂਹ ਪੱਥਰ ਰੱਖਿਆ ਸੀ ਪਰ ਉਨ੍ਹਾਂ ਦੀ ਸਰਕਾਰ ਤੋਂ ਬਾਅਦ ਇਸ ਸੁਰੰਗ ਨੂੰ ਭੁਲਾ ਦਿਤਾ ਗਿਆ। 2013-14 ਤੱਕ ਸਿਰਫ਼ 1300 ਮੀਟਰ ਸੁਰੰਗ ਦਾ ਕੰਮ ਮੁਕੰਮਲ ਹੋ ਸਕਿਆ ਅਤੇ ਮਾਹਰਾਂ ਨੇ ਕਿਹਾ ਸੀ ਕਿ ਜੇ ਇਸੇ ਰਫ਼ਤਾਰ ਨਾਲ ਕੰਮ ਜਾਰੀ ਰਿਹਾ ਤਾਂ 2040 ਤੱਕ ਟਨਲ ਪੂਰੀ ਹੋਵੇਗੀ। ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਵੱਲੋਂ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਇਸ ਸੁਰੰਗ ਦਾ ਨੀਂਹ ਪੱਥਰ 28 ਜੂਨ 2010 ਨੂੰ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਰੱਖਿਆ ਸੀ। ਮੋਦੀ ਸਰਕਾਰ ਨੇ ਦਸੰਬਰ 2019 ਵਿਚ ਸੁਰੰਗ ਦਾ ਨਾਂ ਅਟਲ ਟਨਲ ਰੱਖਣ ਦਾ ਫ਼ੈਸਲਾ ਕੀਤਾ। ਅੱਜ ਸੁਰੰਗ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.